T20 ਕਪਤਾਨ ਸੂਰਿਆਕੁਮਾਰ ਯਾਦਵ ਦੀ ਜਰਮਨੀ ਵਿੱਚ ਹੋਈ ਸਰਜਰੀ, ਕਿਹਾ- ਮੈਂ ਵਾਪਸੀ ਲਈ ਇੰਤਜ਼ਾਰ ਨਹੀਂ ਕਰ ਸਕਦਾ
T20I captain Suryakumar Yadav; ਟੀਮ ਇੰਡੀਆ ਦੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੇ ਜਰਮਨੀ ਦੇ ਮਿਊਨਿਖ ਵਿੱਚ ਸਪੋਰਟਸ ਹਰਨੀਆ ਸਰਜਰੀ ਕਰਵਾਈ ਹੈ। ਸਰਜਰੀ ਤੋਂ ਬਾਅਦ, ਉਹ ਜਲਦੀ ਹੀ ਬੈਂਗਲੁਰੂ ਦੇ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ਵਿੱਚ ਰਿਹੈਬਲੀਟੇਸ਼ਨ ਸ਼ੁਰੂ ਕਰਨਗੇ। ਇਹ ਪਿਛਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਦੀ ਤੀਜੀ ਸਰਜਰੀ ਹੈ।
34 ਸਾਲਾ ਬੱਲੇਬਾਜ਼ ਨੇ ਇੰਸਟਾਗ੍ਰਾਮ ‘ਤੇ ਲਿਖਿਆ, ‘ਲਾਈਫ ਅਪਡੇਟ: ਪੇਟ ਦੇ ਹੇਠਲੇ ਸੱਜੇ ਹਿੱਸੇ ਵਿੱਚ ਸਪੋਰਟਸ ਹਰਨੀਆ ਸਰਜਰੀ ਹੋਈ। ਖੁਸ਼ੀ ਹੈ ਕਿ ਸਰਜਰੀ ਸਫਲ ਰਹੀ ਅਤੇ ਮੈਂ ਹੁਣ ਰਿਕਵਰੀ ਦੇ ਰਾਹ ‘ਤੇ ਹਾਂ। ਵਾਪਸੀ ਲਈ ਇੰਤਜ਼ਾਰ ਨਹੀਂ ਕਰ ਸਕਦਾ।’
ਸਰਜਰੀ ਤੋਂ ਬਾਅਦ, ਉਹ ਲਗਭਗ ਦੋ ਹਫ਼ਤਿਆਂ ਵਿੱਚ ਬੈਂਗਲੁਰੂ ਦੇ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ਵਿੱਚ ਰਿਹੈਬਲੀਟੇਸ਼ਨ ਸ਼ੁਰੂ ਕਰਨਗੇ। ਭਾਰਤ ਦਾ ਅਗਲਾ ਵਾਈਟ-ਬਾਲ ਦੌਰਾ ਅਗਸਤ ਵਿੱਚ ਬੰਗਲਾਦੇਸ਼ ਦੇ ਖਿਲਾਫ ਹੈ, ਜਿਸ ਵਿੱਚ ਤਿੰਨ ਵਨਡੇ ਅਤੇ ਇੰਨੇ ਹੀ ਟੀ-20 ਹੋਣਗੇ। ਸੂਰਿਆਕੁਮਾਰ ਯਾਦਵ ਨੇ 2023 ਵਿਸ਼ਵ ਕੱਪ ਫਾਈਨਲ ਤੋਂ ਬਾਅਦ 50 ਓਵਰਾਂ ਦੇ ਫਾਰਮੈਟ ਵਿੱਚ ਨਹੀਂ ਖੇਡਿਆ ਹੈ।
ਇਹ ਪਿਛਲੇ ਤਿੰਨ ਸਾਲਾਂ ਵਿੱਚ ਸੂਰਿਆਕੁਮਾਰ ਦੀ ਤੀਜੀ ਸਰਜਰੀ ਹੈ। 2023 ਵਿੱਚ ਉਨ੍ਹਾਂ ਦੇ ਗਿੱਟੇ ਦੀ ਸਰਜਰੀ ਹੋਈ ਸੀ ਅਤੇ ਇਸ ਤੋਂ ਪਹਿਲਾਂ 2024 ਵਿੱਚ ਉਨ੍ਹਾਂ ਦੀ ਸਪੋਰਟਸ ਹਰਨੀਆ ਸਰਜਰੀ ਵੀ ਹੋਈ ਸੀ।
ਸਰਜਰੀ ਤੋਂ ਪਹਿਲਾਂ, ਸੂਰਿਆਕੁਮਾਰ ਆਈਪੀਐਲ 2025 ਵਿੱਚ ਮੁੰਬਈ ਇੰਡੀਅਨਜ਼ (ਐਮਆਈ) ਲਈ ਸ਼ਾਨਦਾਰ ਫਾਰਮ ਵਿੱਚ ਸੀ ਅਤੇ ਉਨ੍ਹਾਂ ਨੂੰ ਟੂਰਨਾਮੈਂਟ ਦਾ ਖਿਡਾਰੀ ਚੁਣਿਆ ਗਿਆ ਸੀ। ਉਨ੍ਹਾਂ ਨੇ 717 ਦੌੜਾਂ ਬਣਾਈਆਂ, ਜੋ ਕਿ ਔਰੇਂਜ ਕੈਪ ਜੇਤੂ ਸਾਈ ਸੁਦਰਸ਼ਨ (759 ਦੌੜਾਂ) ਤੋਂ ਬਾਅਦ ਦੂਜੀ ਸਭ ਤੋਂ ਵੱਧ ਦੌੜਾਂ ਸਨ। ਉਨ੍ਹਾਂ ਦੀ ਟੀਮ ਮੁੰਬਈ ਇੰਡੀਅਨਜ਼ ਪਲੇਆਫ ਵਿੱਚ ਪਹੁੰਚੀ, ਜਿੱਥੇ ਉਹ ਕੁਆਲੀਫਾਇਰ-2 ਵਿੱਚ ਪੰਜਾਬ ਕਿੰਗਜ਼ ਤੋਂ ਹਾਰ ਗਈ।
ਫਿਰ ਉਨ੍ਹਾਂ ਨੇ ਮੁੰਬਈ ਟੀ-20 ਲੀਗ ਵਿੱਚ ਟ੍ਰਾਇੰਫ ਨਾਈਟਸ ਮੁੰਬਈ ਨੌਰਥ ਈਸਟ ਦੀ ਅਗਵਾਈ ਕੀਤੀ। ਇਸ ਲੀਗ ਵਿੱਚ, ਉਨ੍ਹਾਂ ਨੇ 5 ਪਾਰੀਆਂ ਵਿੱਚ 122 ਦੌੜਾਂ ਬਣਾਈਆਂ।
