ਰਿਪੋਰਟਰ: ਗੁਰਕ੍ਰਿਪਾਲ ਸਿੰਘ
Punjab Flood Alert: ਰਾਵੀ ਦਰਿਆ ‘ਚ ਵਧ ਰਹੇ ਜਲ ਪੱਧਰ ਨੇ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਘੋਨੇਵਾਹਲਾ ‘ਚ ਹੜ੍ਹਾਂ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਬੀਤੀ ਰਾਤ ਆਏ ਤੀਬਰ ਪਾਣੀ ਦੇ ਬਹਾਅ ਕਾਰਨ ਦਰਿਆ ਦਾ ਆਰਜੀ ਬੰਨ ਟੁੱਟ ਗਿਆ, ਜਿਸ ਨਾਲ ਹਜ਼ਾਰਾਂ ਏਕੜ ਖੇਤਾਂ ‘ਚ ਪਾਣੀ ਭਰ ਗਿਆ।
ਝੋਨੇ ਅਤੇ ਕਮਾਦ ਦੀ ਫ਼ਸਲ ਨੂੰ ਭਾਰੀ ਨੁਕਸਾਨ
ਬੰਨ ਟੁੱਟਣ ਨਾਲ ਨੇੜਲੇ ਖੇਤਰਾਂ ਵਿੱਚ ਖੜੀ ਝੋਨੇ ਅਤੇ ਕਮਾਦ ਦੀਆਂ ਫ਼ਸਲਾਂ ਨਸ਼ਟ ਹੋਣ ਦੀ ਖ਼ਬਰ ਹੈ। ਪਾਣੀ ਦੇ ਵੱਧਦੇ ਵਹਾਅ ਨੇ ਨਾ ਸਿਰਫ ਖੇਤਾਂ ਨੂੰ ਨੁਕਸਾਨ ਪਹੁੰਚਾਇਆ, ਸਗੋਂ ਚਾਰੇ ਅਤੇ ਪਸ਼ੂਆਂ ਦੀ ਸੰਭਾਲ ਵੀ ਮੁਸ਼ਕਲ ਹੋ ਰਹੀ ਹੈ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ
ਐਸਐਸਪੀ ਦਿਹਾਤੀ ਅੰਮ੍ਰਿਤਸਰ ਮਲਵਿੰਦਰ ਸਿੰਘ ਅਤੇ ਐਸਡੀਐਮ ਅਜਨਾਲਾ ਰਵਿੰਦਰ ਅਰੋੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਲਾਤ ਉਤੇ ਕੜੀ ਨਜ਼ਰ ਬਣਾਈ ਹੋਈ ਹੈ। ਉਨ੍ਹਾਂ ਕਿਹਾ,
“ਰਾਵੀ ਦਰਿਆ ‘ਚ ਪਾਣੀ ਦਾ ਪੱਧਰ ਵਧ ਰਿਹਾ ਹੈ, ਪਰ ਹਾਲੇ ਤਕ ਸਥਿਤੀ ਕਾਬੂ ‘ਚ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਪਰ ਉਹ ਆਪਣੀ ਸੁਰੱਖਿਆ ਲਈ ਉਚਿਤ ਥਾਵਾਂ ‘ਤੇ ਜਾਵਣ ਦੀ ਤਿਆਰੀ ਰੱਖਣ।“
ਪਹਾੜਾਂ ਅਤੇ ਪੰਜਾਬ ‘ਚ ਲਗਾਤਾਰ ਮੀਂਹ ਬਣ ਰਿਹਾ ਮੁੱਖ ਕਾਰਨ
ਪਿਛਲੇ ਕੁਝ ਦਿਨਾਂ ਤੋਂ ਪਹਾੜੀ ਖੇਤਰਾਂ ਅਤੇ ਪੰਜਾਬ ‘ਚ ਹੋ ਰਹੀ ਭਾਰੀ ਵਰਖਾ ਰਾਵੀ ਦਰਿਆ ਦੇ ਵਧੇਰੇ ਜਲ ਪੱਧਰ ਦਾ ਮੁੱਖ ਕਾਰਨ ਬਣੀ ਹੋਈ ਹੈ। ਇਹ ਸਥਿਤੀ ਹਜ਼ਾਰਾਂ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ।
ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
ਸਾਬਕਾ ਸਰਪੰਚ ਪ੍ਰਿਥੀਪਾਲ ਸਿੰਘ ਅਤੇ ਹੋਰ ਸਥਾਨਕ ਲੋਕਾਂ ਨੇ ਮੰਗ ਕੀਤੀ ਕਿ
“ਪ੍ਰਸ਼ਾਸਨ ਤੁਰੰਤ ਹੜ੍ਹ ਪੀੜਤ ਖੇਤਰਾਂ ਦੀ ਰਿਪੋਰਟ ਤਿਆਰ ਕਰੇ ਅਤੇ ਕਿਸਾਨਾਂ ਨੂੰ ਨਿਆਂਪੂਰਨ ਮੁਆਵਜ਼ਾ ਦਿਵਾਏ।“