ਲੁਧਿਆਣਾ ਦੇ ਗੋਦਾਮ ਵਿੱਚ ਭਿਆਨਕ ਅੱਗ, ਮਾਂ-ਬੱਚਾ ਫਸੇ, ਪੜੋਸੀ ਨੇ ਬਾਲ-ਬਾਲ ਬਚਾਈ ਜਾਨ
Ludhiana fire; ਲੁਧਿਆਣਾ ਦੇ ਵਿਅਸਤ ਇਲਾਕੇ ਹੀਰੋ ਬੇਕਰੀ ਚੌਕ ਨੇੜੇ ਜਗਜੀਤ ਨਗਰ ਕਵਾਰਟਰ (ਫਲੈਟ) ਵਿੱਚ ਬਣੇ ਇੱਕ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ ਸੀ ਕਿ ਕੁਝ ਹੀ ਸਮੇਂ ਵਿੱਚ ਪੂਰਾ ਗੋਦਾਮ ਧੂੰਏਂ ਅਤੇ ਲਪਟਾਂ ਨਾਲ ਘਿਰ ਗਿਆ।
ਇਸ ਦੌਰਾਨ ਇੱਕ ਔਰਤ ਅਤੇ ਉਸਦਾ 3 ਸਾਲ ਦਾ ਬੱਚਾ ਗੋਦਾਮ ਦੇ ਅੰਦਰ ਫਸ ਗਏ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਗਨੀਮਤ ਰਹੀ ਕਿ ਇੱਕ ਪੜੋਸੀ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਅੰਦਰੋਂ ਆ ਰਹੀਆਂ ਸਨ ਚੀਖਾਂ, ਬਾਹਰ ਲੱਗਾ ਸੀ ਤਾਲਾ
ਘਟਨਾ ਵੇਲੇ ਨੇੜੇ ਹੀ ਦੁਕਾਨ ਚਲਾਉਣ ਵਾਲੇ ਰਾਹੁਲ ਨਾਮਕ ਨੌਜਵਾਨ ਨੇ ਸਭ ਤੋਂ ਪਹਿਲਾਂ ਗੋਦਾਮ ਤੋਂ ਧੂੰਆ ਅਤੇ ਅੱਗ ਦੀਆਂ ਲਪਟਾਂ ਵੇਖੀਆਂ। ਰਾਹੁਲ ਤੁਰੰਤ ਮੌਕੇ ‘ਤੇ ਪਹੁੰਚਿਆ। ਅੱਗ ਗੋਦਾਮ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਫੈਲ ਚੁੱਕੀ ਸੀ। ਇਸੇ ਦੌਰਾਨ ਉਸਨੂੰ ਅੰਦਰੋਂ “ਬਚਾਓ-ਬਚਾਓ” ਦੀਆਂ ਚੀਖਾਂ ਸੁਣਾਈ ਦਿੱਤੀਆਂ।
ਜਦੋਂ ਰਾਹੁਲ ਅਤੇ ਉਸਦੇ ਸਾਥੀ ਅੱਗੇ ਵਧੇ ਤਾਂ ਪਤਾ ਲੱਗਾ ਕਿ ਕਮਰੇ ਦੇ ਮੁੱਖ ਦਰਵਾਜ਼ੇ ‘ਤੇ ਬਾਹਰੋਂ ਤਾਲਾ ਲੱਗਾ ਹੋਇਆ ਸੀ ਅਤੇ ਅੰਦਰ ਮਾਂ-ਬੇਟਾ ਫਸੇ ਹੋਏ ਸਨ।
ਤਵੇ ਨਾਲ ਤੋੜਿਆ ਤਾਲਾ, ਕਾਰ ਰਾਹੀਂ ਹਸਪਤਾਲ ਪਹੁੰਚਾਇਆ
ਰਾਹੁਲ ਨੇ ਤੁਰੰਤ ਨੇੜੇ ਪਿਆ ਇੱਕ ਲੋਹੇ ਦਾ ਤਵਾ ਚੁੱਕ ਕੇ ਤਾਲੇ ‘ਤੇ ਵਾਰ ਕਰਨਾ ਸ਼ੁਰੂ ਕੀਤਾ। ਕਈ ਵਾਰਾਂ ਤੋਂ ਬਾਅਦ ਤਾਲਾ ਟੁੱਟ ਗਿਆ। ਉਹ ਤੁਰੰਤ ਅੰਦਰ ਦਾਖਲ ਹੋਇਆ ਅਤੇ ਔਰਤ ਤੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਅੱਗ ਕਾਰਨ ਔਰਤ ਦੇ ਵਾਲ ਅਤੇ ਬਾਂਹਾਂ ਝੁਲਸ ਗਈਆਂ, ਜਦਕਿ ਬੱਚਾ ਸੁਰੱਖਿਅਤ ਦੱਸਿਆ ਜਾ ਰਿਹਾ ਹੈ। ਦੋਵਾਂ ਨੂੰ ਤੁਰੰਤ ਕਾਰ ਰਾਹੀਂ ਨੇੜਲੇ ਦਿ ਪਕ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਔਰਤ ਦਾ ਇਲਾਜ ਚੱਲ ਰਿਹਾ ਹੈ।
ਫਾਇਰ ਬ੍ਰਿਗੇਡ ਨੇ ਅੱਗ ‘ਤੇ ਪਾਇਆ ਕਾਬੂ
ਫਾਇਰ ਬ੍ਰਿਗੇਡ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ 1 ਵਜੇ ਘਟਨਾ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚ ਕੇ ਕਈ ਗੱਡੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ।