Phase-3B2 market Incident: ਫੇਜ਼-3ਬੀ2 ਮਾਰਕੀਟ ‘ਚ ਰਾਤ ਵੇਲੇ ਹੰਗਾਮਾ ਕਰ ਰਹੇ ਥਾਰ ਸਵਾਰ ਨੌਜਵਾਨਾਂ ਨੂੰ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਵੱਲੋਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਮੋਹਾਲੀ ਪੁਲਿਸ ਨੇ ਕਾਰ ਦੀ ਪਛਾਣ ਕਰਕੇ ਉਸ ਨੂੰ ਜ਼ਬਤ ਕਰ ਲਿਆ ਹੈ ਅਤੇ 35,000 ਰੁਪਏ ਦਾ ਚਲਾਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਮਟੌਰ ਥਾਣੇ ਦੇ ਐਸਐਚਓ ਅਮਨਦੀਪ ਸਿੰਘ ਕੰਬੋਜ ਨੇ ਦੱਸਿਆ ਕਿ ਵੀਡੀਓ ਵਿੱਚ ਕਈ ਨੌਜਵਾਨ ਥਾਰ ਕਾਰ ‘ਤੇ ਬੈਠ ਕੇ ਉੱਚੀ ਆਵਾਜ਼ ਵਿੱਚ ਗਾਣੇ ਚਲਾ ਰਹੇ ਸਨ ਅਤੇ ਮਾਰਕੀਟ ‘ਚ ਰੌਲਾ ਪਾ ਰਹੇ ਸਨ। ਉਨ੍ਹਾਂ ਨੇ ਨੇੜਲੇ ਲੋਕਾਂ ਉੱਤੇ ਟਿੱਪਣੀਆਂ ਕਰਕੇ ਸ਼ਰਾਰਤ ਭਰੀ ਹਰਕਤਾਂ ਵੀ ਕੀਤੀਆਂ।
ਪੁਲਿਸ ਨੇ ਵੀਡੀਓ ਦੇ ਆਧਾਰ ‘ਤੇ ਜਾਂਚ ਕਰਕੇ ਗੱਡੀ ਦੀ ਪਛਾਣ ਕੀਤੀ। ਪਤਾ ਲੱਗਾ ਕਿ ਇਹ ਚੰਡੀਗੜ੍ਹ ਨੰਬਰ ਵਾਲੀ ਥਾਰ ਖਰੜ ਦੇ ਨੌਜਵਾਨਾਂ ਦੀ ਹੈ। ਪੁਲਿਸ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਸਟੇਸ਼ਨ ਬੁਲਾਇਆ ਅਤੇ ਕਾਰ ਨੂੰ ਵੀ ਥਾਣੇ ਲਿਆਂਦਾ ਗਿਆ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਾਰ ਦੇ ਕਾਗਜ਼ਾਤ ਗਾਇਬ ਸਨ। ਸਾਰੇ ਸਬੂਤਾਂ ਦੇ ਆਧਾਰ ‘ਤੇ ਨੌਜਵਾਨਾਂ ਵਿਰੁੱਧ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਗਈ। ਗੱਡੀ ਨੂੰ ਜ਼ਬਤ ਕਰਕੇ 35,000 ਰੁਪਏ ਦਾ ਚਲਾਨ ਵੀ ਜਾਰੀ ਕੀਤਾ ਗਿਆ ਹੈ।
ਪੁਲਿਸ ਵੱਲੋਂ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਾਨੂੰਨ ਦੀ ਉਲੰਘਣਾ ਕੀਤੀ ਗਈ ਤਾਂ ਕਿਸੇ ਵੀ ਤਰ੍ਹਾਂ ਦੀ ਰਿਆਯਤ ਨਹੀਂ ਦਿੱਤੀ ਜਾਵੇਗੀ।