Punjab News: ਸੂਬੇ ਦੀਆਂ ਸੜਕਾਂ ਤੋਂ ਤਾਂ ਲੋਕ ਭਲੀਭਾਂਤ ਜਾਣੂ ਹੀ ਹਨ, ਪਰ ਜ਼ਿਲ੍ਹਾ ਫਤਿਹਗੜ੍ਹਸਾਹਿਬ ਦੇ ਪਿੰਡ ਪਵਾਲਾ ਨੂੰ ਮੋਹਾਲੀ ਨਾਲ ਜੋੜਦੀ ਲਿੰਕ ਰੋਡ ਦੀ ਹਾਲਤ ਬੇਹੱਦ ਤਰਸਯੋਗ ਹੈ। ਜਿੱਥੇ ਵਿਧਾਨਸਭਾ ਹਲਕਾ ਬੱਸੀ ਪਠਾਣਾ ਦੇ ਲਗਭਗ ਹਰ ਬਲਾਕ ਦੀਆਂ ਸੜਕਾਂ ਨੂੰ ਮੁਰੰਮਤ ਕਰਵਾਉਣ ਦੀ ਜ਼ਰੂਰਤ ਹੈ, ਉੱਥੇ ਹੀ ਪਿੰਡ ਪਵਾਲਾ ਤੋਂ ਬੀਰਾਮਾਜਰੀ ਨੂੰ ਜਾਂਦੀ ਸੜਕ ਤਾਂ ਅਲੋਪ ਹੀ ਹੋ ਚੁੱਕੀ ਹੈ।

ਹਾਲਾਤ ਇਹ ਹਨ ਕਿ ਸੜਕ ਟੁੱਟਣ ਨਾਲ ਥਾਂ-ਥਾਂ ਤਿੰਨ-ਤਿੰਨ ਫੁੱਟ ਟੋਏ ਪੈ ਚੁੱਕੇ ਹਨ। ਜਿਸ ਕਾਰਨ ਸੜਕ ਤੋਂ ਲੰਘਣ ਵਾਲੇ ਵਾਹਨ ਜਿਥੇ ਖ਼ਰਾਬ ਹੁੰਦੇ ਹਨ ਉੱਥੇ ਹੀ ਬਰਸਾਤ ਦੇ ਮੌਸਮ ’ਚ ਚਿੱਕੜ ਹੋ ਜਾਣ ਨਾਲ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਿਆ ਰਹਿੰਦਾ ਹੈ। ਰਾਤ ਵੇਲ਼ੇ ਤਾਂ ਇਹ ਸੜਕ ਅਸਲ ਮਾਈਨੇ ’ਚ ਮੌਤ ਦਾ ਰੂਪ ਧਾਰ ਲੈਂਦੀ ਹੈ ਉੱਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਸਰਕਾਰ ਦੀ ਅਣਗਹਿਲੀ ਕਾਰਨ ਹਲਕੇ ਦੇ ਕਈ ਲਿੰਕ ਰੋਡਾਂ ਦੀ ਪਿਛਲੇ 7 ਸਾਲਾਂ ਤੋਂ ਮੁਰੰਮਤ ਨਹੀਂ ਹੋਈ। ਟੁੱਟੀਆਂ ਸੜਕਾਂ ਦੇ ਮੱਦੇਨਜ਼ਰ ਪੀਆਰਟੀਸੀ ਵਲੋਂ ਸਰਕਾਰੀ ਬੱਸ ਦਾ ਰੂਟ ਬੰਦ ਕਰ ਦਿੱਤਾ ਗਿਆ ਹੈ ਅਤੇ ਟੈਂਪੂ ਚਾਲਕ ਵੀ ਇੱਧਰ ਦੀ ਸਵਾਰੀ ਬਿਠਾਉਣ ਤੋਂ ਕੰਨੀ ਕਤਰਾਉਂਦੇ ਹਨ। ਜਿਸ ਕਾਰਨ ਬਜ਼ੁਰਗ ਅਤੇ ਬੀਮਾਰ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੰਡੀ ਬੋਰਡ ਅਤੇ ਪੀਡਬਲਿਊਡੀ ਵਿਭਾਗ ਸੜਕ ਦੀ ਖਸਤਾ ਹਾਲਤ ਤੋਂ ਭਲੀਭਾਂਤ ਜਾਣੂ ਹਨ ਇਸ ਦੇ ਬਾਵਜੂਦ ਬਾਰ-ਬਾਰ ਸ਼ਿਕਾਇਤਾਂ ਦਿੱਤੇ ਜਾਣ ਤੋਂ ਬਾਅਦ ਵੀ ਸੜਕ ਦੀ ਰਿਪੇਅਰ ਨਹੀਂ ਕਰਵਾਈ ਗਈ, ਜਿਸ ਦਾ ਖ਼ਮਿਆਜਾ ਅੱਜ ਕਈ ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਵੱਡੀ ਅਣਗਹਿਲੀ ਤਾਂ ਇਹ ਹੈ ਕਿ ਕਈ ਥਾਂਵਾਂ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਏ ਪਾਈਪ ਦੱਬ ਗਏ ਹਨ, ਉਨਾਂ ਥਾਂਵਾਂ ’ਤੇ ਬਚਾਓ ਸਬੰਧੀ ਨੋਟਿਸ ਬੋਰਡ ਵੀ ਨਹੀਂ ਲਗਾਏ ਗਏ ਹਨ, ਜਿਸ ਨਾਲ ਸਿੱਧਾ ਸਿੱਧਾ ਆਮ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖੇਡਿਆ ਜਾ ਰਿਹਾ ਹੈ।