Punjab News: ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਚੌਥਾ ਅਤੇ ਆਖਰੀ ਦਿਨ ਹੈ। ਇਸ ਵਿੱਚ ਸੋਮਵਾਰ (14 ਜੁਲਾਈ) ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਗਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਬਿੱਲ ‘ਤੇ ਬਹਿਸ ਹੋ ਰਹੀ ਹੈ। ਇਸ ਬਿੱਲ ਵਿੱਚ ਚਾਰਾਂ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ‘ਤੇ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਹੈ। ਵਿਧਾਨ ਸਭਾ ਦੀ ਕਾਰਵਾਈ ਲਾਈਵ ਦਿਖਾਈ ਜਾ ਰਹੀ ਹੈ ਜਿਸ ਨੂੰ ਕੋਈ ਵੀ ਦੇਖ ਸਕਦਾ ਹੈ ਪਰ ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸ਼ਾਸਨ ਦੀ ਇੱਕ ਹੋਰ ਗਿਰਾਵਟ! ਪਵਿੱਤਰ ਵਿਧਾਨ ਸਭਾ ਵੀ ਦਿੱਲੀ ਗੈਂਗ ਦੀ ਪਕੜ ਤੋਂ ਨਹੀਂ ਬਚੀ। ਇੱਥੇ ਮੈਂ ਕੱਲ੍ਹ ਇਹ ਦੇਖਿਆ, ਬਾਹਰੀ ਲੋਕ ਜਿਵੇਂ ਕਿ ਅਨਿਕੇਤ ਸਕਸੈਨਾ (ਇੱਕ ਜਾਣਿਆ-ਪਛਾਣਿਆ Media lobbyist) ਵਿਧਾਨ ਸਭਾ ਦੀ ਕਾਰਵਾਈ ਦੀ ਲਾਈਵ ਫੀਡ ਨੂੰ ਕੰਟਰੋਲ ਕਰਦੇ ਦਿਖਾਈ ਦਿੱਤੇ ! ਇਹ ਲੋਕ ਅੰਦਰੂਨੀ ਸੁਰੱਖਿਆ ਕਰਮਚਾਰੀਆਂ ਲਈ ਖਾਸ ਤੌਰ ‘ਤੇ ਬਣਾਈਆਂ ਗਈਆਂ ਸੀਟਾਂ ‘ਤੇ ਬੈਠੇ ਸਨ! ਉਨ੍ਹਾਂ ਨੂੰ ਕਿਸਨੇ ਅਧਿਕਾਰ ਦਿੱਤਾ? ਦਿੱਲੀ ਦੇ ਲੋਕ ਪੰਜਾਬ ਦੀ ਵਿਧਾਨ ਸਭਾ ਦਾ ਕਾਰਜ ਕਿਉਂ ਚਲਾ ਰਹੇ ਹਨ ? ਮੈਂ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਪੁੱਛਦਾ ਹਾਂ – ਕੀ ਪੰਜਾਬ ਦੀ ਵਿਧਾਨ ਸਭਾ ਹੁਣ ਦਿੱਲੀ ਤੋਂ ਹੀ ਰਿਮੋਟ-ਕੰਟਰੋਲ ਕੀਤੀ ਜਾ ਰਹੀ ਹੈ?
ਜ਼ਿਕਰ ਕਰ ਦਈਏ ਕਿ ਅੱਜ ਦੀ ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਅਰਦਾਸ ਕੀਤੀ ਗਈ। ਬਹਿਸ ਲਈ 2 ਘੰਟੇ ਦਾ ਸਮਾਂ ਰੱਖਿਆ ਗਿਆ ਹੈ। ਕਾਂਗਰਸ ਕੋਲ 16 ਮਿੰਟ, ‘ਆਪ’ ਕੋਲ 1 ਘੰਟਾ 35 ਮਿੰਟ, ਅਕਾਲੀ ਦਲ ਕੋਲ 3 ਮਿੰਟ, ਭਾਜਪਾ ਕੋਲ 2 ਮਿੰਟ, ਬਸਪਾ ਕੋਲ 2 ਮਿੰਟ ਅਤੇ ਆਜ਼ਾਦ ਉਮੀਦਵਾਰਾਂ ਕੋਲ 2 ਮਿੰਟ ਦਾ ਸਮਾਂ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ 117 ਵਿੱਚੋਂ 93 ਵਿਧਾਇਕ ਹਨ। ਇਸ ਸਬੰਧ ਵਿੱਚ, ਇਸ ਬਿੱਲ ਦਾ ਪਾਸ ਹੋਣਾ ਯਕੀਨੀ ਹੈ, ਪਰ ਇਹ ਉਦੋਂ ਹੀ ਕਾਨੂੰਨ ਬਣੇਗਾ ਜਦੋਂ ਇਸਨੂੰ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲੇਗੀ।