ਦੋਵਾਂ ਪਾਰਟੀਆਂ ਨੇ ਇਕ ਦੂਜੇ ‘ਤੇ ਲਗਾਏ ਕੁੱਟਮਾਰ ਦੇ ਦੋਸ਼
Latest Punjab news: ਕਪੂਰਥਲਾ ਦੇ ਫੱਤੂਢੀਂਗਾ ਵਿਖੇ ਦੋ ਧਿਰਾਂ ਦੀ ਹੋਈ ਲੜਾਈ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਨੂੰ ਪਰਿਵਾਰਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ, ਜਿੱਥੇ ਮੁੜ ਦੋਵੇਂ ਧਿਰ ਆਹਮੋ ਸਾਹਮਣੇ ਹੋ ਗਈਆਂ | ਜਿਸ ‘ਤੇ ਡਿਊਟੀ ਡਾਕਟਰ ਨੇ ਪੁਲਿਸ ਕੰਟਰੋਲ ‘ਤੇ ਫੋਨ ਕਰਕੇ ਪੁਲਿਸ ਨੂੰ ਮੌਕੇ ‘ਤੇ ਸੱਦਿਆ |
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਜਦਕਿ ਬਾਕੀ ਮੌਕੇ ਤੋਂ ਫ਼ਾਰ ਹੋ ਗਏ | ਸਿਵਲ ਹਸਪਤਾਲ ਵਿਚ ਜੇਰੇ ਇਲਾਜ ਗੁਰਦੀਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਫੱਤੂਢੀਂਗਾ ਨੇ ਦੱਸਿਆ ਕਿ ਉਸਦੇ ਪਿਤਾ ਪਿੰਡ ਦੇ ਸਰਪੰਚ ਹਨ ਤੇ ਉਨ੍ਹਾਂ ਨੇ ਮਤਾ ਪਾ ਕੇ ਪਿੰਡ ਵਿਚ ਗਲੀਆਂ ਵਿਚ ਹੋਏ ਨਜਾਇਜ਼ ਕਬਜ਼ੇ ਹਟਾਉਣੇ ਸ਼ੁਰੂ ਕੀਤੇ ਸਨ |
ਦੂਜੀ ਧਿਰ ਦੇ ਮਲੂਕ ਸਿੰਘ ਪੁੱਤਰ ਬਹਾਦਰ ਸਿੰਘ ਨੇ ਕਥਿਤ ਤੌਰ ‘ਤੇ ਉਨ੍ਹਾਂ ਦੇ ਇਨ੍ਹਾਂ ਕੰਮਾਂ ਵਿਚ ਵਿਘਣ ਪਾਉਣ ਦੀ ਕੋਸ਼ਿਸ਼ ਕੀਤੀ ਨਜਾਇਜ਼ ਤੋੜੇ ਗਏ ਥੜੇ ਨੂੰ ਮੁੜ ਬਣਾਕੇ ਕੇ ਸੋਸ਼ਲ ਮੀਡੀਆ ‘ਤੇ ਪਾਇਆ | ਜਦੋਂ ਇਸ ਸਬੰਧੀ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਹਮਲਾ ਕਰਕੇ ਮੈਨੂੰ ਤੇ ਕਰਨਵੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸ਼ਾਹਕੋਟ ਨੂੰ ਜ਼ਖ਼ਮੀ ਕਰ ਦਿੱਤਾ | ਦੂਜੀ ਧਿਰ ਦੇ ਮਲੂਕ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੀਆਂ ਕਮੀਆਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਜਾਗਰੂਕ ਕਰਦਾ ਹੈ ਜਿਸ ਕਾਰਨ ਅੱਜ ਸਵੇਰੇ ਮੇਰੇ ਭਰਾ ਦੇ ਲੜਕੇ ਨੂੰ ਗੁਰਦੀਪ ਸਿੰਘ ਤੇ ਉਸਦੇ ਸਾਥੀਆਂ ਨੇ ਥਾਣਾ ਫੱਤੂਢੀਂਗਾ ਵਿਖੇ ਫੜਾ ਦਿੱਤਾ |
ਜਦੋਂ ਮੈਂ ਫੱਤੂਢੀਂਗਾ ਥਾਣੇ ਵੱਲ ਨੂੰ ਜਾ ਰਿਹਾ ਸੀ ਤਾਂ ਗੁਰਦੀਪ ਸਿੰਘ ਤੇ ਉਸਦੇ ਸਾਥੀਆਂ ਨੇ ਮੇਰੇ ‘ਤੇ ਹਮਲਾ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ | ਜਦੋਂ ਮੈਂ ਇਲਾਜ ਲਈ ਸਿਵਲ ਹਸਪਤਾਲ ਆਇਆ ਤਾਂ ਇੱਥੇ ਵੀ ਉਨ੍ਹਾਂ ਨੇ ਮੇਰੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਮਾਹੌਲ ਸ਼ਾਂਤ ਕੀਤਾ | ਇਸ ਸਬੰਧੀ ਡਿਊਟੀ ਡਾ. ਰਾਹੁਲ ਨੇ ਦੋਵਾਂ ਧਿਰਾਂ ਦੀ ਐਮ.ਐਲ.ਆਰ. ਕੱਟ ਕੇ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਹੈ ਤੇ ਦੋਵਾਂ ਧਿਰਾਂ ਦਾ ਇਲਾਜ ਜਾਰੀ ਹੈ |