ਤੋਲਾ ਮਾਜਰਾ ਫਾਇਰਿੰਗ ਮਾਮਲਾ ਸੁਲਝਾਇਆ, 4 ਦੋਸ਼ੀ ਗ੍ਰਿਫਤਾਰ — .30 ਬੋਰ ਪਿਸਤੌਲ ਤੇ 4 ਰੌਂਦ ਬਰਾਮਦ

Mohali Firing Case: ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਅੱਜ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਹਾਲੀ ਪੁਲਿਸ ਨੇ ਤੋਲਾ ਮਾਜਰਾ ਵਿਖੇ 3/4 ਅਗਸਤ ਦੀ ਰਾਤ ਹੋਈ ਫਾਇਰਿੰਗ ਦੀ ਘਟਨਾ ਨੂੰ ਸੁਲਝਾਉਂਦਿਆਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਕੋਲੋਂ ਨਜਾਇਜ਼ ਹਥਿਆਰ — ਇੱਕ .30 ਬੋਰ ਪਿਸਤੌਲ ਅਤੇ 4 ਰੌਂਦ ਵੀ ਬਰਾਮਦ ਕੀਤੇ ਗਏ ਹਨ।
ਮਿਤੀ 4 ਅਗਸਤ 2025 ਨੂੰ ਮੁਕੱਦਮਾ ਨੰ: 243 ਥਾਣਾ ਸਦਰ ਖਰੜ ਵਿਖੇ ਦਰਜ ਹੋਇਆ ਸੀ। ਮੁਦਈ ਸੰਦੀਪ ਸਿੰਘ ਸਿੱਧੂ ਨੇ ਪੁਲਿਸ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਦੋ ਅਣਪਛਾਤੇ ਨੌਜਵਾਨਾਂ ਨੇ ਰਾਤ 2:30 ਵਜੇ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ, ਜਿਸ ਕਾਰਨ ਘਰ ਦਾ ਮੇਨ ਗੇਟ ਅਤੇ ਅੰਦਰ ਖੜੀ ਫਾਰਚੂਨਰ ਕਾਰ ਨੁਕਸਾਨਗ੍ਰਸਤ ਹੋ ਗਈ।
ਚੋਕੀਦਾਰ ਜਾਂ ਗੈਂਗਸਟਰ? ਪੁਲਿਸ ਨੇ ਖੋਲ੍ਹੇ ਰਾਜ
C.I.A. ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ 3 ਫਾਇਰਿੰਗ ਕਰਨ ਵਾਲੇ ਅਤੇ 1 ਰੈਕੀ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਦੋਸ਼ੀ ਵਿਦੇਸ਼ ਵਿਚ ਬੈਠੇ ਗੈਂਗਸਟਰ ਏਕਮ ਸੰਧੂ ਦੇ ਕਹਿਣ ‘ਤੇ ਕਾਰਵਾਈ ਕਰ ਰਹੇ ਸਨ।
ਗ੍ਰਿਫਤਾਰ ਦੋਸ਼ੀਆਂ ਦੀ ਵਿਗਿਆਤ ਜਾਣਕਾਰੀ:
- ਸੁਖਮਨਦੀਪ ਸਿੰਘ ਉਰਫ ਸੁੱਖ (23 ਸਾਲ)
ਪਿੰਡ ਡੋਗਰ, ਜ਼ਿਲ੍ਹਾ ਗੁਰਦਾਸਪੁਰ
ਪਹਿਲਾਂ ਤੋਂ N.D.P.S. ਐਕਟ ਤਹਿਤ ਮੁਕੱਦਮੇ ਦਰਜ - ਸਰੂਪ ਸਿੰਘ ਉਰਫ ਮੰਨੂ (30 ਸਾਲ)
ਪਿੰਡ ਪੇੜੇਵਾਲ, ਜ਼ਿਲ੍ਹਾ ਅੰਮ੍ਰਿਤਸਰ
ਪਹਿਲਾਂ ਵੀ ਗੱਡੀ ਖੁਰਦ-ਬੁਰਦ ਮਾਮਲੇ ਵਿੱਚ ਦੋਸ਼ੀ - ਅਭਿਸ਼ੇਕ ਸਿੰਘ ਉਰਫ ਅੱਬੂ (25 ਸਾਲ)
ਮਜੀਠਾ, ਅੰਮ੍ਰਿਤਸਰ
2023 ਤੋਂ ਭਗੌੜਾ, ਪਹਿਲਾਂ ਵੀ ਫਾਇਰਿੰਗ ਮਾਮਲੇ ‘ਚ ਸ਼ਾਮਿਲ - ਪ੍ਰਭਜੀਤ ਸਿੰਘ (24 ਸਾਲ)
ਪਿੰਡ ਸਮਰਾਏ, ਡੇਰਾ ਬਾਬਾ ਨਾਨਕ
ਪਹਿਲਾਂ ਤੋਂ N.D.P.S. ਐਕਟ ਤਹਿਤ ਕਈ ਮੁਕੱਦਮੇ
ਬਰਾਮਦਗੀ:
- .30 ਬੋਰ ਪਿਸਤੌਲ
- 4 ਜਿੰਦਾ ਰੌਂਦ
- ਟਾਟਾ ਇੰਟਰਾ ਗੱਡੀ
ਦੋਸ਼ੀਆਂ ਵੱਲੋਂ ਹੋਰ ਵਾਰਦਾਤਾਂ ਦੇ ਇਲਜ਼ਾਮ:
- ਮਨਦੀਪ ਸਿੰਘ (NRI) ਦੇ ਘਰ ਬਾਹਰ ਫਾਇਰਿੰਗ – ਪਿੰਡ ਥੋਬਾ
- ਡਮਟਾਲ ਰੋਡ, ਪਠਾਨਕੋਟ ਵਿਖੇ ਇੱਕ ਘਰ ਦੀ ਰੈਕੀ – ਵਾਰਦਾਤ ਦੀ ਤਿਆਰੀ
- 2023 ਵਿੱਚ ਘਾੜਕੀਆਂ ਪਿੰਡ ਵਿੱਚ ਫਾਇਰਿੰਗ – ਅਭਿਸ਼ੇਕ ਸਿੰਘ ਮਾਮਲੇ ਵਿੱਚ ਭਗੌੜਾ ਸੀ
ਹੋਰ ਖੁਲਾਸਿਆਂ ਦੀ ਉਮੀਦ
ਚਾਰੇ ਦੋਸ਼ੀਆਂ ਨੂੰ 13 ਅਗਸਤ ਤੱਕ ਪੁਲਿਸ ਰਿਮਾਂਡ ‘ਚ ਰੱਖਿਆ ਗਿਆ ਹੈ, ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਹੋਰ ਗੈਂਗਸਟਰਾਂ ਦੇ ਨੈਟਵਰਕ, ਹਥਿਆਰਾਂ ਦੇ ਸਪਲਾਈ ਸੋਰਸ ਅਤੇ ਹੋਰ ਵਾਰਦਾਤਾਂ ਬਾਰੇ ਵੀ ਕਾਫ਼ੀ ਕੁਝ ਸਾਹਮਣੇ ਆ ਸਕਦਾ ਹੈ।