Punjab News: ਅੱਜ ਬੁੱਧਵਾਰ ਦਾ ਦਿਨ ਜਲਾਲਾਬਾਦ ਨੇੜੇ ਪਿੰਡ ਬਾਹਮਣੀ ਵਾਲਾ ਦੇ ਇੱਕ ਮਜ਼ਦੂਰ ਪਰਿਵਾਰ ਲਈ ਕਾਲਾ ਦਿਨ ਸਾਬਤ ਹੋਇਆ। ਪਿੰਡ ਨਿਵਾਸੀ ਨੌਜਵਾਨ ਬਲਵਿੰਦਰ ਸਿੰਘ ਆਪਣੀ ਪਤਨੀ ਅਤੇ ਇੱਕ ਰਿਸ਼ਤੇਦਾਰ ਦੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਕੰਧਵਾਲਾ ਝੋਨਾ ਲਾਉਣ ਲਈ ਜਾ ਰਿਹਾ ਸੀ। ਸਵੇਰੇ ਲਗਭਗ ਸਾਢੇ 7 ਵਜੇ, ਜਦੋਂ ਉਹ ਪੂਰਨ ਪੱਟੀ-ਲੱਖੇਵਾਲੀ ਰੋਡ ‘ਤੇ ਪਿੰਡ ਜੈਮਲਵਾਲਾ ਦੀ ਨਹਿਰ ਦੇ ਪੁੱਲ ਕੋਲ ਪਹੁੰਚੇ, ਤਾਂ ਸਾਹਮਣੇ ਤੋਂ ਆ ਰਹੀ ਰਿਜ਼ਟ ਗੱਡੀ ਨੇ ਲਾਪਰਵਾਹੀ ਨਾਲ ਉਨ੍ਹਾਂ ਦੀ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰੀ।
ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਨੇ ਮੋਟਰਸਾਈਕਲ ਨੂੰ ਕਾਫੀ ਦੂਰੀ ਤੱਕ ਘਸੀਟਿਆ, ਜਿਸ ਕਾਰਨ ਮੋਟਰਸਾਈਕਲ ਚਾਲਕ ਬਲਵਿੰਦਰ ਸਿੰਘ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਉਸ ਦੀ ਪਤਨੀ ਅਤੇ ਭਾਣਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ।
ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਬਲਵਿੰਦਰ ਸਿੰਘ ਇੱਕ ਦਿਹਾੜੀਦਾਰ ਮਜ਼ਦੂਰ ਸੀ ਜੋ ਆਪਣੇ ਪਰਿਵਾਰ ਦੀ ਰੋਟੀ-ਰੋਜ਼ੀ ਲਈ ਮਿਹਨਤ ਕਰਦਾ ਸੀ। ਉਸ ਦੇ 2 ਛੋਟੇ ਬੱਚੇ ਹਨ, ਜਿਨ੍ਹਾਂ ਲਈ ਹੁਣ ਪਿਤਾ ਦੀ ਮੌਤ ਇਕ ਵੱਡਾ ਸੰਘਰਸ਼ ਬਣ ਗਈ ਹੈ। ਪਰਿਵਾਰ ਉੱਤੇ ਦੁੱਖ ਦਾ ਪਹਾੜ ਟੁੱਟ ਪਿਆ ਹੈ। ਪਤਨੀ, ਜੋ ਖ਼ੁਦ ਹਾਦਸੇ ਵਿੱਚ ਜ਼ਖਮੀ ਹੋਈ ਹੈ, ਲਈ ਇਹ ਸਿਰਫ਼ ਜੀਵਨ ਸਾਥੀ ਦੀ ਗੁਆਚ ਹੀ ਨਹੀਂ, ਬਲਕਿ ਸਾਰੀ ਜ਼ਿੰਦਗੀ ਦੀ ਤਬਾਹੀ ਬਣ ਗਈ ਹੈ।
ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੱਡੀ ਚਾਲਕ ਦੀ ਲਾਪਰਵਾਹੀ ਇਸ ਹਾਦਸੇ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।