ਟਰੰਪ ਦੀ ਜੰਗਬੰਦੀ ਨਾਲ ਧਨ ਦੀ ਹੋਈ ਬਾਰਸ਼, ਸਟਾਕ ਮਾਰਕੀਟ ਦੇ ਨਿਵੇਸ਼ਕਾਂ ਨੇ ₹14 ਲੱਖ ਕਰੋੜ ਕਮਾਏ
share market: ਪਿਛਲੇ 40 ਦਿਨਾਂ ਤੱਕ ਭਿਆਨਕ ਜੰਗ ਮਗਰੋਂ ਅੱਜ ਆਖ਼ਿਰਕਾਰ ਇਰਾਨ ਤੇ ਅਮਰੀਕਾ ਵਿਚਾਲੇ 14 ਦਿਨਾਂ ਦੀ ਜੰਗਬੰਦੀ ਦਾ ਐਲਾਨ ਹੋ ਗਿਆ ਹੈ, ਜਿਸ ਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਇਰਾਨੀ ਵਿਦੇਸ਼ ਮੰਤਰੀ ਅਰਾਘਚੀ ਨੇ ਕੀਤੀ ਹੈ। ਦੋਹਾਂ ਆਗੂਆਂ ਨੇ ਐਲਾਨ ਕੀਤਾ ਹੈ ਕਿ ਅਗਲੇ 14 ਦਿਨਾਂ ਤੱਕ ਇਕ-ਦੂਜੇ ‘ਤੇ ਕੋਈ ਹਮਲਾ ਨਹੀਂ ਕੀਤਾ ਜਾਵੇਗਾ, ਜਿਸ ਦਾ ਅਸਰ ਭਾਰਤ ਸਣੇ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ।
ਭਾਰਤੀ ਸ਼ੇਅਰ ਬਾਜ਼ਾਰ ‘ਚ ਅੱਜ ਦੀਵਾਲੀ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਹੈ। ਬੁੱਧਵਾਰ ਨੂੰ ਬਾਜ਼ਾਰ ਖੁੱਲ੍ਹਦਿਆਂ ਹੀ ਭਾਰਤੀ ਬਾਜ਼ਾਰ ਨੇ ਰਿਕਾਰਡ ਤੋੜ ਵਾਪਸੀ ਕੀਤੀ ਹੈ ਤੇ ਸੈਂਸੈਕਸ 2600 ਤੋਂ ਵੱਧ ਅੰਕ ਚੜ੍ਹ ਕੇ 77,000 ਦੇ ਪੱਧਰ ਨੂੰ ਪਾਰ ਕਰ ਗਿਆ ਹੈ, ਜਦਕਿ ਨਿਫਟੀ ਵੀ ਸ਼ਾਨਦਾਰ ਵਾਪਸੀ ਕਰਦਿਆਂ 780 ਤੋਂ ਵੱਧ ਅੰਕਾਂ ਦੀ ਉਛਾਲ ਨਾਲ 23,900 ਦੇ ਅੰਕੜੇ ਨੂੰ ਛੂਹ ਲਿਆ ਹੈ।
ਅੱਜ ਬਾਜ਼ਾਰ ‘ਚ ਆਈ ਇਸ ਤੇਜ਼ੀ ਦੀ ਅਗਵਾਈ ਬੈਂਕਿੰਗ ਅਤੇ ਆਈ.ਟੀ. ਸਟਾਕਾਂ ਨੇ ਕੀਤੀ। ਖ਼ਾਸ ਕਰਕੇ HDFC ਬੈਂਕ, TCS ਅਤੇ ਇਨਫੋਸਿਸ ਵਰਗੇ ਦਿੱਗਜ ਸ਼ੇਅਰਾਂ ਵਿੱਚ ਭਾਰੀ ਖ਼ਰੀਦਦਾਰੀ ਦੇਖੀ ਗਈ। ਬਾਜ਼ਾਰ ਵਿੱਚ ਆਏ ਇਸ ਉਛਾਲ ਕਾਰਨ ਨਿਵੇਸ਼ਕਾਂ ਦੀ ਸੰਪਤੀ ਵਿੱਚ ਲੱਖਾਂ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਮਾਹਿਰਾਂ ਅਨੁਸਾਰ, ਨਿਵੇਸ਼ਕਾਂ ਨੇ ਸ਼ੇਅਰਾਂ ਦੇ ਹੇਠਲੇ ਪੱਧਰ ‘ਤੇ ‘ਵੈਲਿਊ ਬਾਇੰਗ’ ਕੀਤੀ, ਜਿਸ ਨਾਲ ਬਾਜ਼ਾਰ ਉੱਪਰ ਚੜ੍ਹਿਆ।
ਬਾਜ਼ਾਰ ਦੀ ਉਛਾਲ ਦੇ ਨਾਲ-ਨਾਲ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿੱਚ ਵੀ ਮਜ਼ਬੂਤੀ ਆਈ ਹੈ। ਰੁਪਿਆ 39 ਪੈਸੇ ਦੀ ਵੱਡੀ ਛਲਾਂਗ ਮਾਰ ਕੇ ਡਾਲਰ ਦੇ ਮੁਕਾਬਲੇ 92.57 ਰੁਪਏ ‘ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ‘ਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਦੁਨੀਆ ਭਰ ‘ਚ ਆਮ ਜਨਤਾ ਨੂੰ ਵਧਦੀਆਂ ਤੇਲ ਦੀਆਂ ਕੀਮਤਾਂ ਤੋਂ ਰਾਹਤ ਮਿਲਣ ਦੀ ਉਮੀਦ ਹੈ।