Punjab News: ਦੋਵੇਂ ਕੈਡਿਟ ਮਹਿੰਦਰ ਸਿੰਘ ਸੇਖੋਂ ਤੇ ਵਿਨੈ ਕੌਸ਼ਿਕ, ਜਿਨ੍ਹਾਂ ਨੇ ਭਾਰਤੀ ਜਲ ਸੈਨਾ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਹੈ, ਦੋਵੇਂ ਐਸਏਐਸ ਨਗਰ (ਮੋਹਾਲੀ) ਨਾਲ ਸਬੰਧਤ ਹਨ।
MRSPI Mohali Cadits officers in Indian Navy: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਸਿਰ ਸਫ਼ਲਤਾ ਦਾ ਸਿਹਰਾ ਸਜਾਉਂਦਿਆਂ ਇਸ ਸੰਸਥਾ ਦੇ ਦੋ ਕੈਡਿਟਾਂ ਨੇ ਏਝੀਮਾਲਾ (ਕੇਰਲਾ) ‘ਚ ਵੱਕਾਰੀ ਇੰਡੀਅਨ ਨੇਵਲ ਅਕੈਡਮੀ (INA) ਤੋਂ ਪਾਸ ਆਊਟ ਹੋਣ ਨਾਲ ਭਾਰਤੀ ਜਲ ਸੈਨਾ ਦੇ ਕਮਿਸ਼ਨਡ ਅਫ਼ਸਰ ਬਣ ਗਏ ਹਨ। ਅਕੈਡਮੀ ‘ਚ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਵਾਈਸ ਐਡਮਿਰਲ ਵੀ. ਸ਼੍ਰੀਨਿਵਾਸ, ਏਵੀਐਸਐਮ, ਐਨਐਮ, ਫਲੈਗ ਅਫ਼ਸਰ ਕਮਾਂਡਿੰਗ ਇਨ ਚੀਫ਼ ਆਫ਼ ਸਾਊਥਰਨ ਨੇਵਲ ਕਮਾਂਡ ਵਲੋਂ ਕੀਤਾ ਗਿਆ।
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਰਹੇ ਮਹਿੰਦਰ ਸਿੰਘ ਸੇਖੋਂ ਅਤੇ ਵਿਨੈ ਕੌਸ਼ਿਕ, ਜਿਨ੍ਹਾਂ ਨੇ ਭਾਰਤੀ ਜਲ ਸੈਨਾ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਹੈ, ਦੋਵੇਂ ਐਸਏਐਸ ਨਗਰ (ਮੋਹਾਲੀ) ਨਾਲ ਸਬੰਧਤ ਹਨ। ਇਸ ਇੰਸਟੀਚਿਊਟ ਵਿਖੇ ਦੋ ਸਾਲਾਂ ਦੀ ਸਿਖਲਾਈ ਤੋਂ ਬਾਅਦ ਐਨਡੀਏ ਵਿਖੇ ਤਿੰਨ ਸਾਲਾਂ ਦੀ ਸਿਖਲਾਈ ਉਪਰੰਤ ਆਈਐਨਏ ਵਿਖੇ ਇੱਕ ਸਾਲ ਦੀ ਸੇਵਾ ਆਧਾਰਤ ਸਿਖਲਾਈ ਮੁਕੰਮਲ ਕਰਨ ਤੋਂ ਬਾਅਦ ਹੁਣ ਇਹ ਦੋਵੇਂ ਨੌਜਵਾਨ ਕੈਡਿਟ ਜਲਦੀ ਭਾਰਤੀ ਜਲ ਸੈਨਾ ਵਿੱਚ ਜੁਆਇਨ ਕਰਨਗੇ।
ਦੱਸਣਯੋਗ ਹੈ ਕਿ ਮਹਿੰਦਰ ਸਿੰਘ ਸੇਖੋਂ, ਜਿਸ ਦੇ ਮਾਪੇ ਬਚਪਨ ਵਿੱਚ ਹੀ ਵਿਛੋੜਾ ਦੇ ਗਏ ਸੀ, ਨੇ ਆਪਣੀ ਦ੍ਰਿੜ੍ਹਤਾ ਅਤੇ ਸਖ਼ਤ ਮਿਹਨਤ ਨਾਲ ਆਪਣੇ ਸੁਪਨੇ ਨੂੰ ਸਾਕਾਰ ਕੀਤਾ ਹੈ। ਵਿਨੈ ਦੇ ਪਿਤਾ ਸੰਜੇ ਕੁਮਾਰ “ਦ ਟ੍ਰਿਬਿਊਨ” ਅਖਬਾਰ ਵਿੱਚ ਸੈਕਸ਼ਨਲ ਹੈੱਡ ਹਨ ਅਤੇ ਉਸ ਦੀ ਮਾਤਾ ਰੇਖਾ ਸ਼ਰਮਾ ਸੁਆਣੀ ਹੈ।
ਨੌਜਵਾਨ ਅਧਿਕਾਰੀਆਂ ਨੂੰ ਦਿਲੋਂ ਵਧਾਈਆਂ ਦਿੰਦਿਆਂ ਅਮਨ ਅਰੋੜਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਹਮੇਸ਼ਾ ਇਸੇ ਤਰ੍ਹਾਂ ਦੇਸ਼ ਅਤੇ ਪੰਜਾਬ ਦਾ ਮਾਣ ਵਧਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸੰਸਥਾ ਦੇ 172 ਕੈਡਿਟਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਅਫ਼ਸਰ ਵਜੋਂ ਕਮਿਸ਼ਨ ਹਾਸਲ ਕੀਤਾ ਹੈ, ਜਿਨ੍ਹਾਂ ਵਿੱਚੋਂ 20 ਭਾਰਤੀ ਜਲ ਸੈਨਾ ਕਮਿਸ਼ਨਡ ਅਫਸਰ ਬਣੇ ਹਨ। ਉਨ੍ਹਾਂ ਨੇ ਏ.ਐਫ.ਸੀ.ਏ.ਟੀ. ਦੀ ਮੈਰਿਟ ਸੂਚੀ ਵਿੱਚ ਆਏ ਕੈਡਿਟ ਅਰਸ਼ਦੀਪ ਸਿੰਘ (ਆਲ ਇੰਡੀਆ ਰੈਂਕ ਤੀਜਾ ਰੈਂਕ ) ਅਤੇ ਕਰਨ ਕੌਸ਼ਿਕ (ਆਲ ਇੰਡੀਆ 71ਵਾਂ ਰੈਂਕ ) ਦੀ ਪ੍ਰਾਪਤੀ ‘ਤੇ ਵੀ ਚਾਨਣਾ ਪਾਇਆ, ਜੋ ਏਅਰ ਫੋਰਸ ਅਕੈਡਮੀ ਜੁਆਇਨ ਕਰਨ ਲਈ ਆਪਣੇ ਕਾਲ-ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ।