Jammu & Kashmir News: ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਵਿੱਚ ਐਲਓਸੀ ਨੇੜੇ ਲਾਲੋਲੀ ਇਲਾਕੇ ਵਿੱਚ ਆਈਈਡੀ ਧਮਾਕਾ ਹੋਇਆ।
IED blast near LoC: ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਵਿੱਚ ਐਲਓਸੀ ਨੇੜੇ ਲਾਲੋਲੀ ਇਲਾਕੇ ਵਿੱਚ ਆਈਈਡੀ ਧਮਾਕਾ ਹੋਇਆ। ਇਸ ਵਿੱਚ ਫੌਜ ਦੇ ਦੋ ਜਵਾਨ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਫੌਜੀ ਦੀ ਹਾਲਤ ਗੰਭੀਰ ਹੈ। ਫੌਜ ਦੇ ਸੂਤਰਾਂ ਨੇ ਦਾਅਵਾ ਕੀਤਾ ਕਿ ਸ਼ਹੀਦ ਜਵਾਨਾਂ ਦੇ ਨਾਂ ਕੈਪਟਨ ਕੇਐਸ ਬਖਸ਼ੀ ਅਤੇ ਮੁਕੇਸ਼ ਹਨ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਜਾਣਕਾਰੀ ਮੁਤਾਬਕ ਮੰਗਲਵਾਰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਜੰਮੂ ਜ਼ਿਲੇ ਦੇ ਖੌਰ ਥਾਣਾ ਅਧੀਨ ਕੇਰੀ ਬਟਾਲ ਇਲਾਕੇ ‘ਚ ਕੰਟਰੋਲ ਰੇਖਾ ਨੇੜੇ ਆਈਈਡੀ ਧਮਾਕਾ ਹੋਇਆ। ਇਸ ‘ਚ ਤਿੰਨ ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫੌਜ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ‘ਚੋਂ 2 ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਅਧਿਕਾਰੀਆਂ ਨੇ ਦਿੱਤੀ ਜਾਣਕਾਰੀ
ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਫੌਜੀ ਭੱਠਲ ਇਲਾਕੇ ‘ਚ ਗਸ਼ਤ ਕਰ ਰਹੇ ਸਨ ਤਾਂ ਜ਼ਬਰਦਸਤ ਧਮਾਕਾ ਹੋ ਗਿਆ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਧਮਾਕਾ ਇਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਕਾਰਨ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਅੱਤਵਾਦੀਆਂ ਨੇ ਲਗਾਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਤੋਂ ਤੁਰੰਤ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਅਖਨੂਰ ਸੈਕਟਰ ‘ਚ ਮਿਲਿਆ ਮੋਰਟਾਰ ਦਾ ਗੋਲਾ
ਇਸ ਤੋਂ ਪਹਿਲਾਂ ਮੰਗਲਵਾਰ (11 ਫਰਵਰੀ) ਨੂੰ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਵਿੱਚ ਇੱਕ ਮੋਰਟਾਰ ਦਾ ਗੋਲਾ ਮਿਲਿਆ ਸੀ, ਜਿਸ ਨੂੰ ਬੰਬ ਨਿਰੋਧਕ ਦਸਤੇ ਨੇ ਨਕਾਰਾ ਕਰ ਦਿੱਤਾ ਸੀ। ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਕੁਝ ਸਥਾਨਕ ਲੋਕਾਂ ਨੇ ਸਵੇਰੇ ਕਰੀਬ 10 ਵਜੇ ਨਾਮੰਦਰ ਪਿੰਡ ਨੇੜੇ ਪ੍ਰਤਾਪ ਨਹਿਰ ‘ਚ ਮੋਰਟਾਰ ਦਾ ਗੋਲਾ ਦੇਖਿਆ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਬਾਅਦ ਵਿੱਚ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ, ਜਿਸ ਨੇ ਧਮਾਕਾਖੇਜ਼ ਪਦਾਰਥ ਨੂੰ ਸੁਰੱਖਿਅਤ ਢੰਗ ਨਾਲ ਨਕਾਰਾ ਕਰ ਦਿੱਤਾ।