ਫਿਰੋਜ਼ਪੁਰ ਵਿੱਚ ਮੰਦਭਾਗੀ ਘਟਨਾ, 8 ਸਾਲ ਦੇ ਬੱਚੇ ਦੀ ਹਾਰਟ ਅਟੈਕ ਨਾਲ ਮੌਤ
Latest News: ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ 8 ਸਾਲਾ ਮਨਮੀਤ ਸ਼ਰਮਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਸਮੇਤ ਪੂਰੇ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿੱਚ ਹਨ ਅਤੇ ਮੀਡੀਆ ਸਾਹਮਣੇ ਕੁਝ ਵੀ ਕਹਿਣ ਦੀ ਹਾਲਤ ਵਿੱਚ ਨਹੀਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਸਕੂਲਾਂ ਵਿੱਚ ਛੁੱਟੀਆਂ ਹੋਣ ਕਰਕੇ ਮਨਮੀਤ ਆਪਣੇ ਨਾਨਕੇ ਪਿੰਡ ਬਜੀਦਪੁਰ ਗਿਆ ਹੋਇਆ ਸੀ। ਇਸ ਦੌਰਾਨ ਛੱਤ ’ਤੇ ਖੇਡਦੇ ਸਮੇਂ ਅਚਾਨਕ ਉਸਨੂੰ ਘਬਰਾਹਟ ਮਹਿਸੂਸ ਹੋਈ ਅਤੇ ਕੁਝ ਹੀ ਸਮੇਂ ਵਿੱਚ ਉਸਦੀ ਤਬੀਅਤ ਗੰਭੀਰ ਹੋ ਗਈ।
ਹਸਪਤਾਲ ਵਿੱਚ ਕੀਤੀ ਗਈ ਐਮਰਜੈਂਸੀ ਕਾਰਵਾਈ
ਪਰਿਵਾਰ ਵੱਲੋਂ ਮਨਮੀਤ ਨੂੰ ਤੁਰੰਤ ਨਜ਼ਦੀਕੀ ਅਮਨਦੀਪ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਇਰੈਕਟਰ ਅਤੇ ਦਿਲ ਦੇ ਮਾਹਿਰਾਂ ਮੁਤਾਬਕ, ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ, ਉਸਦੀ ਹਾਲਤ ਬਹੁਤ ਨਾਜੁਕ ਸੀ। ਐਮਰਜੈਂਸੀ ਵਾਰਡ ਵਿੱਚ ਡਾਕਟਰਾਂ ਦੀ ਟੀਮ ਨੇ ਤੁਰੰਤ ਸੀਪੀਆਰ ਸਮੇਤ ਸਾਰਾ ਜ਼ਰੂਰੀ ਇਲਾਜ ਕੀਤਾ, ਪਰ ਦੇਰ ਹੋ ਜਾਣ ਕਾਰਨ ਮਨਮੀਤ ਦੀ ਜਾਨ ਨਹੀਂ ਬਚਾਈ ਜਾ ਸਕੀ।
ਡਾਕਟਰਾਂ ਵੱਲੋਂ ਸਾਵਧਾਨੀ ਦੀ ਅਪੀਲ
ਦਿਲ ਦੇ ਮਾਹਿਰ ਡਾਕਟਰ ਹਕੀਮ ਇਰਫਾਨ ਨੇ ਦਿਲ ਦੇ ਦੌਰੇ ਦੇ ਸੰਭਾਵਿਤ ਕਾਰਨਾਂ ਅਤੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚਿਆਂ ਵਿੱਚ ਵੀ ਅਚਾਨਕ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਹਲਕਾ ਨਹੀਂ ਲੈਣਾ ਚਾਹੀਦਾ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਵਿੱਚ ਅਚਾਨਕ ਘਬਰਾਹਟ, ਸਾਹ ਲੈਣ ਵਿੱਚ ਦਿੱਕਤ, ਬੇਹੋਸ਼ੀ ਜਾਂ ਅਸਧਾਰਣ ਥਕਾਵਟ ਵਰਗੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਡਾਕਟਰੀ ਸਹਾਇਤਾ ਲਈ ਸੰਪਰਕ ਕੀਤਾ ਜਾਵੇ।
ਇਸ ਦੁਖਦਾਈ ਘਟਨਾ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ।