ਕੇਂਦਰੀ ਮੰਤਰੀ ਮੰਡਲ ਨੇ 16,300 ਕਰੋੜ ਰੁਪਏ ਦੇ ਮਿਨਰਲ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਘੋਸ਼ਣਾ ਦੇ ਨਾਲ ਹੀ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬੁੱਧਵਾਰ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਮੰਤਰੀ ਮੰਡਲ ਨੇ ਸੀ ਗ੍ਰੇਡ ਦੇ ਭਾਰੀ ਗੁੜ ਤੋਂ ਪੈਦਾ ਹੋਣ ਵਾਲੇ ਈਥਾਨੌਲ ਦੀ ਐਕਸ-ਮਿਲ ਕੀਮਤ 56.28 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 57.97 ਰੁਪਏ ਪ੍ਰਤੀ ਲੀਟਰ ਕਰਨ ਦਾ ਫੈਸਲਾ ਕੀਤਾ ਹੈ।
ਇਹ ਫੈਸਲਾ ਸਰਕਾਰ ਵੱਲੋਂ ਨਿਰਧਾਰਤ ਈਥਾਨੌਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਹਿੱਸੇ ਵਜੋਂ ਲਿਆ ਗਿਆ ਹੈ। ਵਰਣਨਯੋਗ ਹੈ ਕਿ 2022-23 ਈਥਾਨੋਲ ਸਪਲਾਈ ਸਾਲ (ਨਵੰਬਰ-ਅਕਤੂਬਰ) ਤੋਂ ਬਾਅਦ ਈਥਾਨੌਲ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਇਸ ਸਮੇਂ ਗੰਨੇ ਦੇ ਰਸ, ਬੀ-ਹੈਵੀ ਗੁੜ ਅਤੇ ਸੀ-ਹੈਵੀ ਗੁੜ ਤੋਂ ਤਿਆਰ ਈਥਾਨੌਲ ਦੀਆਂ ਕੀਮਤਾਂ ਕ੍ਰਮਵਾਰ 65.61 ਰੁਪਏ, 60.73 ਰੁਪਏ ਅਤੇ 56.28 ਰੁਪਏ ਪ੍ਰਤੀ ਲੀਟਰ ਹਨ।
ਸਟਾਕ ਮਾਰਕੀਟ ਵਿੱਚ ਖੰਡ ਅਤੇ ਈਥਾਨੌਲ ਕੰਪਨੀਆਂ ਦੇ ਸ਼ੇਅਰ ਵਧੇ।
ਮੰਤਰੀ ਮੰਡਲ ਦੇ ਇਸ ਫੈਸਲੇ ਤੋਂ ਬਾਅਦ ਖੰਡ ਅਤੇ ਈਥਾਨੌਲ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਵਾਧਾ ਹੋਇਆ ਹੈ। ਈਆਈਡੀ-ਪੈਰੀ, ਸ਼੍ਰੀ ਰੇਣੂਕਾ ਸ਼ੂਗਰਜ਼, ਬਲਰਾਮਪੁਰ ਚੀਨੀ ਮਿੱਲਜ਼ ਅਤੇ ਤ੍ਰਿਵੇਣੀ ਇੰਜੀਨੀਅਰਿੰਗ ਦੇ ਸ਼ੇਅਰ ਬੀਐਸਈ ਸੈਂਸੈਕਸ ‘ਤੇ 1:10 ਵਜੇ ਤੱਕ 3.7%, 4.5%, 2.5% ਅਤੇ 2.3% ਵਧੇ। ਇਸ ਦੇ ਨਾਲ ਹੀ ਸੈਂਸੈਕਸ ‘ਚ 0.62 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।