ਹੁਸ਼ਿਆਰਪੁਰ ਦੇ ਸਲੇਮਪੁਰ ਪਿੰਡ ਵਿੱਚ ਅਨੋਖੀ ਚੋਰੀ — ਚੋਰ ਸੋਨਾ–ਚਾਂਦੀ ਨਹੀਂ, ਆਟੇ ਦਾ ਥੈਲਾ ਲੈ ਉਡੇ
Latest News: ਜਿੱਥੇ ਪੰਜਾਬ ਭਰ ਵਿੱਚ ਚੋਰੀਆਂ ਤੇ ਲੁੱਟਪਾਟ ਦੀਆਂ ਵਾਰਦਾਤਾਂ ਵਧ ਰਹੀਆਂ ਹਨ, ਉੱਥੇ ਹੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਵਿੱਚ ਇੱਕ ਬੇਮਿਸਾਲ ਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਵਾਰ ਚੋਰਾਂ ਨੇ ਸੋਨਾ–ਚਾਂਦੀ ਜਾਂ ਕੀਮਤੀ ਸਮਾਨ ਨਹੀਂ, ਸਗੋਂ 40–50 ਕਿਲੋਗ੍ਰਾਮ ਦਾ ਆਟੇ ਦਾ ਥੈਲਾ ਅਤੇ ਕਰੀਬ ₹1500 ਰੁਪਏ ਚੋਰੀ ਕਰ ਲਏ।
CCTV ਵਿੱਚ ਕੈਦ ਹੋਈ ਵਾਰਦਾਤ
ਵਾਇਰਲ ਹੋ ਰਹੀਆਂ CCTV ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ‘ਤੇ ਆਟੇ ਦੀ ਚੱਕੀ ਦੇ ਬਾਹਰ ਪਹੁੰਚਦੇ ਹਨ। ਕੁਝ ਪਲਾਂ ਵਿੱਚ ਹੀ ਇੱਕ ਨੌਜਵਾਨ ਚੱਕੀ ਦੇ ਬਾਹਰ ਰੱਖਿਆ ਆਟੇ ਦਾ ਭਾਰਾ ਥੈਲਾ ਚੁੱਕਦਾ ਹੈ ਅਤੇ ਉਸਨੂੰ ਮੋਟਰਸਾਈਕਲ ‘ਤੇ ਰੱਖ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਹੈ।
ਮਾਲਿਕ ਦੇ ਸਾਹਮਣੇ ਹੀ ਚੋਰੀ, ਰੋਕਣ ਦੀ ਕੋਸ਼ਿਸ਼ ਬੇਅਸਰ
ਜਦੋਂ ਆਟੇ ਦੀ ਚੱਕੀ ਦਾ ਮਾਲਿਕ ਘਰੋਂ ਬਾਹਰ ਨਿਕਲਿਆ ਤਾਂ ਉਸਨੇ ਇੱਕ ਲੜਕੇ ਨੂੰ ਆਟੇ ਦਾ ਥੈਲਾ ਚੁੱਕ ਕੇ ਮੋਟਰਸਾਈਕਲ ‘ਤੇ ਬੈਠਦੇ ਦੇਖਿਆ। ਮਾਲਿਕ ਨੇ ਚੋਰਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਬੈਠ ਕੇ ਤੇਜ਼ੀ ਨਾਲ ਮੌਕੇ ਤੋਂ ਰਫ਼ੂਚੱਕਰ ਹੋ ਗਏ।
1500 ਰੁਪਏ ਵੀ ਕੀਤੇ ਹੜਪ
CCTV ਫੁਟੇਜ ਮੁਤਾਬਕ, ਚੋਰਾਂ ਨੇ ਨਾ ਸਿਰਫ਼ ਆਟੇ ਦਾ ਥੈਲਾ ਚੋਰੀ ਕੀਤਾ, ਸਗੋਂ ਚੱਕੀ ‘ਚੋਂ ਕਰੀਬ ₹1500 ਰੁਪਏ ਵੀ ਲੈ ਉਡੇ।
ਪਿੰਡ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ
ਇਹ ਵਾਰਦਾਤ ਪਿੰਡ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੁਸਤ ਗਸ਼ਤ ਅਤੇ ਰਾਤ ਦੇ ਸਮੇਂ ਨਿਗਰਾਨੀ ਵਧਾਉਣ ਦੀ ਮੰਗ ਕੀਤੀ ਹੈ।