ਚੰਡੀਗੜ੍ਹ ਨਗਰ ਨਿਗਮ ਹਾਊਸ ਮੀਟਿੰਗ ‘ਚ ਹੰਗਾਮਾ

ਚੰਡੀਗੜ੍ਹ ਦੇ ਨਗਰ ਨਿਗਮ ਹਾਊਸ ਮੀਟਿੰਗ ‘ਚ ਜ਼ਬਰਦਸਤ ਹੰਗਾਮਾ ਹੋਇਆ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਮੇਅਰ ਹਰਪ੍ਰੀਤ ਕੌਰ ਬਬਲਾ ਨੂੰ ਉਨ੍ਹਾਂ ਦੇ ਵਿਦੇਸ਼ ਦੌਰੇ ਨੂੰ ਲੈ ਕੇ ਘੇਰਨ ਦੀ ਕੋਸ਼ਿਸ਼ ਕੀਤੀ। ਨਾਲ ਹੀ ਉਨ੍ਹਾਂ ਨੇ ਨਿਗਮ ਕਰਮਚਾਰੀਆਂ ਨੂੰ ਸਸਪੈਂਡ ਕਰਨ ਦੇ ਖਿਲਾਫ਼ ਆਵਾਜ਼ ਚੁੱਕੀ। ਜਦੋਂ ਮੇਅਰ ਤੇ ਭਾਜਪਾ ਦੇ ਕੌਂਸਲਰਾਂ ਨੇ ਹੰਗਾਮਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਧਿਰਾਂ ਵਿਚਕਾਰ ਜ਼ਬਰਦਸਤ ਹੰਗਾਮਾ ਸ਼ੁਰੂ ਹੋ ਗਿਆ।
ਕਾਂਗਰਸ ਤੇ ‘ਆਪ‘ ਕੌਂਸਲਰਾਂ ਨੂੰ ਸ਼ਾਂਤ ਕਰਵਾਉਣ ਲਈ ਮੇਅਰ ਹਰਪ੍ਰੀਤ ਨੇ ਵਿਦੇਸ਼ ਦੌਰੇ ਦੌਰਾਨ ਉਨ੍ਹਾਂ ਨੂੰ ਮਿਲਿਆ ਅਵਾਰਡ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਸ਼ਹਿਰ ਨੂੰ ਅਵਾਰਡ ਮਿਲਿਆ ਤੇ ਤੁਸੀਂ ਸ਼ਹਿਰ ਦੇ ਨਾਲ ਹੀ ਨਹੀਂ ਹੋ। ਇਸ ‘ਤੇ ‘ਆਪ‘ ਤੇ ਕਾਂਗਰਸ ਕੌਂਸਲਰਾਂ ਨੇ ਸੋਸ਼ਣ ਬੰਦ ਕਰੋ ਦੇ ਪਰਚੇ ਚੁੱਕ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਚੰਡੀਗੜ੍ਹ ‘ਚ ਮੰਤਰੀ ਮਨੋਹਰ ਲਾਲ ਖੱਟਰ ਦੇ ਝਾੜੂ ਲਗਾਉਣ ਦੇ ਵਿਵਾਦ ‘ਤੇ ਵੀ ਸਵਾਲ ਚੁੱਕੇ। ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ‘ਚ ਸਸਪੈਂਡ ਕਰਮਚਾਰੀਆਂ ਨੂੰ ਬਹਾਲ ਕਰਨ ਦੀ ਮੰਗੀ ਕੀਤੀ।
ਵਿਰੋਧ ਕਰਦੇ ਹੋਏ ਵਿਰੋਧੀ ਧਿਰ ਦੇ ਕੌਂਸਲਰ ਵੇਲ ‘ਚ ਉੱਤਰ ਗਏ। ਉਨ੍ਹਾਂ ਨੇ ਹੱਥ ‘ਚ ਪਰਚੇ ਲੈ ਕੇ ਭਾਜਪਾ ਤੇ ਮੇਅਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੀਟਿੰਗ ਦੇ ਏਜੰਡੇ ਦੇ ਪੇਪਰ ਫਾੜ ਕੇ ਉਛਾਲ ਦਿੱਤੇ। ਹੰਗਾਮਾ ਜ਼ਿਆਦਾ ਵੱਧਣ ਤੋਂ ਬਾਅਦ ਮੇਅਰ ਮੀਟਿੰਗ ਨੂੰ 10 ਮਿੰਟ ਦੇ ਲਈ ਮੁਲਤਵੀ ਕਰ ਦਿੱਤਾ।
ਇਸ ਦੌਰਾਨ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਨਗਰ ਨਿਗਮ ਹਾਊਸ ਦੀ ਕਾਰਵਾਈ ਓਦੋਂ ਤੱਕ ਸ਼ੁਰੂ ਨਹੀਂ ਕਰਨਗੇ, ਜਦੋਂ ਤੱਕ ਵਿਵਾਦ ਕਰਨ ਵਾਲੇ ਕੌਂਸਲਰਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ। ਉਨ੍ਹਾਂ ਨੇ ਕਿਹਾ ਕਿ- ਇਨ੍ਹਾਂ ਕੌਂਸਲਰਾਂ ਨੇ ਸ਼ਹਿਰ ਨੂੰ ਮਿਲੇ ਅਵਾਰਡ ਦਾ ਅਪਮਾਨ ਕੀਤਾ ਹੈ। ਇਨ੍ਹਾਂ ਨੇ ਮੀਟਿੰਗ ਦੇ ਏਜੰਡੇ ਦੀ ਕਾਪੀ ਫਾੜ ਕੇ ਮੇਰੀ ਮੂੰਹ ‘ਤੇ ਮਾਰੀ। ਮੈਂ ਅਜਿਹੇ ਕੌਂਸਲਰ ਕਦੇ ਨਹੀਂ ਦੇਖੇ ਹਨ।