ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਭਾਲ ਲਈ ਅਮਰੀਕੀ ਗੁਰਦੁਆਰਿਆਂ ‘ਚ ਪਹੁੰਚੀ ਪੁਲਿਸ, ਸਿੱਖ ਭਾਈਚਾਰੇ ‘ਚ ਗੁੱਸਾ
Illegal immigrants in America: ਜਦੋਂ ਤੋਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ, ਉਦੋਂ ਤੋਂ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ।
US Immigration: ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ‘ਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀ ਮੁਸੀਬਤ ‘ਚ ਹਨ। ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲਗਾਤਾਰ ਲੱਭਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਹੁਣ ਅਮਰੀਕੀ ਪੁਲfਸ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਭਾਲ ਲਈ ਗੁਰਦੁਆਰਿਆਂ ‘ਚ ਦਾਖਲ ਹੋਣਾ ਸ਼ੁਰੂ ਕਰ ਦਿੱਤਾ ਹੈ। ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ।
ਯੂਐਸ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਦੇ ਪੁਲਿਸ ਕਰਮਚਾਰੀਆਂ ਨੇ ਨਿਊਯਾਰਕ ਅਤੇ ਨਿਊਜਰਸੀ ਦੇ ਗੁਰਦੁਆਰਿਆਂ ਦੀ ਜਾਂਚ ਕੀਤੀ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ। ਨਿਊਜ਼ ਏਜੰਸੀ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨਿਊਯਾਰਕ ਅਤੇ ਨਿਊਜਰਸੀ ਦੇ ਕੁਝ ਗੁਰਦੁਆਰਿਆਂ ਦੀ ਵਰਤੋਂ ਸਿੱਖ ਵੱਖਵਾਦੀਆਂ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੇ ਕੀਤੀ।
ਅਮਰੀਕੀ ਪੁਲਿਸ (ਹੋਮਲੈਂਡ ਸਕਿਓਰਿਟੀ) ਦੇ ਬੁਲਾਰੇ ਨੇ ਕਿਹਾ ਕਿ ਹੁਣ ਅਪਰਾਧੀ ਗ੍ਰਿਫਤਾਰੀ ਤੋਂ ਬਚਣ ਲਈ ਅਮਰੀਕਾ ਦੇ ਸਕੂਲਾਂ ਅਤੇ ਚਰਚਾਂ ਵਿਚ ਵੀ ਲੁਕ ਨਹੀਂ ਸਕਣਗੇ। ਟਰੰਪ ਪ੍ਰਸ਼ਾਸਨ ਅਮਰੀਕਾ ਦੇ ਬਹਾਦਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਹੱਥ ਨਹੀਂ ਬੰਨ੍ਹੇਗਾ, ਸਗੋਂ ਉਨ੍ਹਾਂ ਦੀ ਕਾਰਵਾਈ ‘ਤੇ ਭਰੋਸਾ ਪ੍ਰਗਟਾਏਗਾ।
ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (SALDF) ਨੇ ਅਮਰੀਕੀ ਪੁਲਿਸ ਦੀ ਇਸ ਕਾਰਵਾਈ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰਨ ‘ਤੇ ਚਿੰਤਾ ਪ੍ਰਗਟਾਈ ਹੈ, ਜਿਸ ਵਿਚ ਧਾਰਮਿਕ ਸਥਾਨਾਂ ਵਰਗੇ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕੀਤੀ ਗਈ ਹੈ। ਦਰਅਸਲ, ਪਹਿਲਾਂ ਵੀ ਇਨ੍ਹਾਂ ਥਾਵਾਂ ‘ਤੇ ਅਜਿਹੀ ਕਾਰਵਾਈ ‘ਤੇ ਪਾਬੰਦੀ ਲਗਾਈ ਗਈ ਸੀ।
SALDF ਨੇ ਕਿਹਾ ਕਿ ਨੀਤੀ ‘ਚ ਇਹ ਬਦਲਾਅ ਪਰੇਸ਼ਾਨ ਕਰਨ ਵਾਲਾ ਹੈ। ਤਬਦੀਲੀ ਤੋਂ ਬਾਅਦ, ਅਮਰੀਕੀ ਪੁਲਿਸ ਅਧਿਕਾਰੀਆਂ ਨੇ ਨਿਊਯਾਰਕ ਅਤੇ ਨਿਊਜਰਸੀ ਦੇ ਗੁਰਦੁਆਰਿਆਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸੰਸਥਾ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ, ‘ਅਸੀਂ ਗ੍ਰਹਿ ਸੁਰੱਖਿਆ ਵਿਭਾਗ ਦੇ ਸੰਵੇਦਨਸ਼ੀਲ ਖੇਤਰਾਂ ਦੀ ਸੁਰੱਖਿਆ ਨੂੰ ਖ਼ਤਮ ਕਰਨ ਅਤੇ ਫਿਰ ਗੁਰਦੁਆਰਿਆਂ ਵਰਗੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਫੈਸਲੇ ਤੋਂ ਬੇਹੱਦ ਚਿੰਤਤ ਹਾਂ।’
ਗਿੱਲ ਨੇ ਕਿਹਾ ਕਿ ਗੁਰਦੁਆਰੇ ਸਿਰਫ਼ ਧਾਰਮਿਕ ਸਥਾਨ ਹੀ ਨਹੀਂ, ਸਗੋਂ ਇਹ ਮਹੱਤਵਪੂਰਨ ਭਾਈਚਾਰਕ ਕੇਂਦਰ ਹਨ। ਇੱਥੇ ਸਿੱਖਾਂ ਅਤੇ ਵਿਆਪਕ ਭਾਈਚਾਰੇ ਨੂੰ ਸਹਾਇਤਾ, ਪੋਸ਼ਣ ਅਤੇ ਰੂਹਾਨੀ ਤਸੱਲੀ ਦਿੱਤੀ ਜਾਂਦੀ ਹੈ। ਇਨ੍ਹਾਂ ਥਾਵਾਂ ਨੂੰ ਕਾਨੂੰਨੀ ਕਾਰਵਾਈ ਲਈ ਨਿਸ਼ਾਨਾ ਬਣਾਉਣਾ ਸਾਡੇ ਵਿਸ਼ਵਾਸ ਦੀ ਪਵਿੱਤਰਤਾ ਨੂੰ ਖ਼ਤਰੇ ‘ਚ ਪਾਉਂਦਾ ਹੈ। ਇਹ ਅਮਰੀਕਾ ਭਰ ਦੇ ਪ੍ਰਵਾਸੀ ਭਾਈਚਾਰਿਆਂ ਨੂੰ ਇੱਕ ਭਿਆਨਕ ਸੰਦੇਸ਼ ਭੇਜਦਾ ਹੈ।