ਅਮਰੀਕਾ-ਈਰਾਨ ਟਕਰਾਅ ਦੀ ਪਾਕਿਸਤਾਨ ਨੂੰ ਵੱਡੀ ਮਾਰ, ਪੈਟਰੋਲ, ਡੀਜ਼ਲ ਕੀਮਤਾਂ ‘ਚ ਹੋਇਆ ਰਿਕਾਰਡਤੋੜ ਵਾਧਾ
Pakistan petrol diesel price hike; ਅਮਰੀਕਾ-ਈਰਾਨ ਟਕਰਾਅ ਦੇ ਕਾਰਨ ਉਭਰੇ ਤੇਲ ਸੰਕਟ ਨੇ ਪਾਕਿਸਤਾਨ ਦੀ ਆਰਥਿਕਤਾ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਸੰਕਟ ਦੇ ਮੱਦੇਨਜ਼ਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ, ਜਿਸ ਨਾਲ ਆਮ ਲੋਕਾਂ ਦੀ ਜੇਬ ‘ਤੇ ਸਿੱਧਾ ਅਸਰ ਪਿਆ ਹੈ।
ਵੀਰਵਾਰ, 2 ਅਪ੍ਰੈਲ ਨੂੰ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਐਲਾਨ ਕੀਤਾ ਕਿ ਪੈਟਰੋਲ ਦੀ ਕੀਮਤ 137.24 ਰੁਪਏ ਵਧਾ ਕੇ 458.40 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, ਹਾਈ-ਸਪੀਡ ਡੀਜ਼ਲ (HSD) ਦੀ ਕੀਮਤ ਵਿੱਚ 184.49 ਰੁਪਏ ਦਾ ਵਾਧਾ ਕਰਦੇ ਹੋਏ ਇਸ ਨੂੰ 520.35 ਰੁਪਏ ਪ੍ਰਤੀ ਲੀਟਰ ਤੱਕ ਪਹੁੰਚਾ ਦਿੱਤਾ ਗਿਆ ਹੈ। ਇਹ ਨਵੀਆਂ ਦਰਾਂ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਤੋਂ ਲਾਗੂ ਹੋ ਗਈਆਂ ਹਨ।
ਨਵੀਆਂ ਕੀਮਤਾਂ ਮੁਤਾਬਕ ਡੀਜ਼ਲ ਵਿੱਚ ਲਗਭਗ 54.9 ਫੀਸਦੀ ਅਤੇ ਪੈਟਰੋਲ ਵਿੱਚ ਕਰੀਬ 42.7 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਤੇਜ਼ ਉਛਾਲ ਕਾਰਨ ਇਹ ਫੈਸਲਾ ਲੈਣਾ ਲਾਜ਼ਮੀ ਹੋ ਗਿਆ ਸੀ।
ਪ੍ਰੈਸ ਕਾਨਫਰੰਸ ਦੌਰਾਨ ਮੰਤਰੀ ਅਲੀ ਪਰਵੇਜ਼ ਮਲਿਕ ਨੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਦੇ ਨਾਲ ਕਿਹਾ ਕਿ ਅਮਰੀਕਾ-ਈਰਾਨ ਟਕਰਾਅ ਤੋਂ ਬਾਅਦ ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ ਬੇਕਾਬੂ ਹੋ ਗਈਆਂ ਹਨ, ਜਿਸ ਕਾਰਨ ਦੇਸ਼ ਵਿੱਚ ਕੀਮਤਾਂ ਵਧਾਉਣ ਤੋਂ ਬਿਨਾਂ ਕੋਈ ਹੋਰ ਵਿਕਲਪ ਨਹੀਂ ਸੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਕਈ ਵਾਰ ਵਾਧੇ ਦੀਆਂ ਸਿਫਾਰਸ਼ਾਂ ਨੂੰ ਰੱਦ ਕਰਦੇ ਰਹੇ ਸਨ। ਉਨ੍ਹਾਂ ਨੇ ਇਕ ਹਫ਼ਤਾ ਪਹਿਲਾਂ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡੇ ਵਾਧੇ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ, ਪਰ ਮੌਜੂਦਾ ਹਾਲਾਤਾਂ ਵਿੱਚ ਸਰਕਾਰ ਨੂੰ ਆਪਣਾ ਫੈਸਲਾ ਬਦਲਣਾ ਪਿਆ।
ਯਾਦ ਰਹੇ ਕਿ ਟਕਰਾਅ ਸ਼ੁਰੂ ਹੋਣ ਤੋਂ ਬਾਅਦ 6 ਮਾਰਚ ਨੂੰ ਵੀ ਪਾਕਿਸਤਾਨ ਵਿੱਚ ਤੇਲ ਦੀਆਂ ਕੀਮਤਾਂ ਵਿੱਚ 55 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਸੀ। ਹੁਣ ਨਵੇਂ ਵਾਧੇ ਨਾਲ ਦੇਸ਼ ਵਿੱਚ ਮਹਿੰਗਾਈ ਦਾ ਦਬਾਅ ਹੋਰ ਵੱਧਣ ਦੀ ਸੰਭਾਵਨਾ ਹੈ।