US to deport 276 illegal Indians ;- ਅਮਰੀਕਾ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਦੀ ਵਾਪਸੀ ਦਾ ਸਿਲਸਿਲਾ ਜਾਰੀ ਹੈ। ਇਸ ਲੜੀ ਤਹਿਤ, ਅੱਜ ਇੱਕ ਹੋਰ ਫਲਾਈਟ 119 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਣ ਜਾ ਰਹੀ ਹੈ। ਦੂਜੀ ਫਲਾਈਟ 16 ਫਰਵਰੀ ਨੂੰ ਪਹੁੰਚਣ ਦੀ ਉਮੀਦ ਹੈ, ਜਿਸ ਵਿੱਚ 157 ਹੋਰ ਗੈਰ-ਕਾਨੂੰਨੀ ਪਰਵਾਸੀਆਂ ਦੀ ਵਾਪਸੀ ਹੋਵੇਗੀ।
ਅੱਜ ਆ ਰਹੀ ਫਲਾਈਟ ‘ਚ 119 ਭਾਰਤੀਆਂ ਵਿੱਚ 67 ਪੰਜਾਬ, 33 ਹਰਿਆਣਾ, 8 ਗੁਜਰਾਤ, 3 ਉੱਤਰ ਪ੍ਰਦੇਸ਼, 2-2 ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ, ਜਦਕਿ 1-1 ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਹਨ।
ਭਗਵੰਤ ਮਾਨ ਵੱਲੋਂ ਵਿਰੋਧ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਦੀ ਵਾਪਸੀ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਇਨ੍ਹਾਂ ਫਲਾਈਟਾਂ ਨੂੰ ਪੰਜਾਬ ਵਿੱਚ ਉਤਾਰ ਕੇ ਰਾਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਇਹ ਫਲਾਈਟਾਂ ਕਿਸੇ ਹੋਰ ਰਾਜ ਦੇ ਹਵਾਈ ਅੱਡੇ ‘ਤੇ ਉਤਾਰੀ ਜਾਣ।
ਟ੍ਰੰਪ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ
ਇਹ ਡਿਪੋਰਟੇਸ਼ਨ ਡੋਨਾਲਡ ਟ੍ਰੰਪ ਪ੍ਰਸ਼ਾਸਨ ਦੀ ਉਸ ਮੁਹਿੰਮ ਦਾ ਹਿੱਸਾ ਹੈ, ਜਿਸ ਤਹਿਤ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਰਹਿ ਰਹੇ ਵਿਅਕਤੀਆਂ ‘ਤੇ ਕਰਵਾਈ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਵੀ, 104 ਭਾਰਤੀਆਂ ਨੂੰ ਅਮਰੀਕਾ ਵਾਪਸ ਭੇਜ ਚੁੱਕਾ ਹੈ, ਜਿਸ ਦੌਰਾਨ ਉਨ੍ਹਾਂ ਦੇ ਹੱਥਾਂ ‘ਚ ਹਥਕੜੀਆਂ ਪਾਏ ਜਾਣ ਦੀਆਂ ਤਸਵੀਰਾਂ ਵਾਇਰਲ ਹੋਣ ਕਾਰਨ ਵੱਡਾ ਵਿਵਾਦ ਖੜ੍ਹਾ ਹੋਇਆ ਸੀ।
ਹਾਲਾਂਕਿ, ਇਹ ਸਭ ਭਾਰਤੀ ਹੁਣ ਮੁੜ ਆਪਣੇ ਦੇਸ਼ ਵਾਪਸ ਆ ਰਹੇ ਹਨ, ਪਰ ਇਹ ਘਟਨਾ ਪਰਵਾਸੀਆਂ ਲਈ ਇਕ ਵੱਡਾ ਸਬਕ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਹਮੇਸ਼ਾ ਸਹੀ ਅਤੇ ਕਾਨੂੰਨੀ ਤਰੀਕੇ ਨਾਲ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।