Verka reduced milk prices: ਅਮੂਲ ਤੋਂ ਬਾਅਦ ਹੁਣ ਸਹਿਕਾਰੀ ਸੰਸਥਾ ਵੇਰਕਾ ਨੇ ਵੀ ਦੁੱਧ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਦਿੰਦਿਆਂ ਆਪਣੇ ਦੁੱਧ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ। ਵੇਰਕਾ ਨੇ ਵੇਰਕਾ ਸਟੈਂਡਰਡ ਮਿਲਕ ਅਤੇ ਵੇਰਕਾ ਫੁੱਲ ਕਰੀਮ ਮਿਲਕ ਦੀ ਇੱਕ ਲੀਟਰ ਪੈਕਿੰਗ ਦੀ ਕੀਮਤ ਵਿੱਚ 1 ਰੁਪਏ ਦੀ ਕਟੌਤੀ ਕੀਤੀ ਹੈ।
ਨਵੀਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ। ਐਤਵਾਰ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਕੀਮਤਾਂ ਮੁਤਾਬਕ ਵੇਰਕਾ ਫੁੱਲ ਕਰੀਮ ਦੁੱਧ ਹੁਣ 61 ਰੁਪਏ ਪ੍ਰਤੀ ਲੀਟਰ ਜਦਕਿ ਵੇਰਕਾ ਸਟੈਂਡਰਡ ਮਿਲਕ 67 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਉਪਲਬਧ ਹੋਵੇਗਾ। ਜਦੋਂ ਕਿ ਪਹਿਲਾਂ ਵੇਰਕਾ ਫੁੱਲ ਕਰੀਮ 62 ਰੁਪਏ ਅਤੇ ਸਟੈਂਡਰਡ ਦੁੱਧ 68 ਰੁਪਏ ਪ੍ਰਤੀ ਲੀਟਰ ਵਿੱਚ ਉਪਲਬਧ ਸੀ।
ਵੇਰਕਾ ਅੰਮ੍ਰਿਤਸਰ ਦੇ ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਵੇਰਕਾ ਦਾ ਦੁੱਧ ਸੰਤੁਲਿਤ ਅਤੇ ਪੌਸ਼ਟਿਕ ਹੈ। ਇਹ ਵਿਟਾਮਿਨ ਏ ਅਤੇ ਡੀ ਨਾਲ ਭਰਪੂਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਖਪਤਕਾਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਅਮੂਲ ਨੇ ਵੀ ਕੀਮਤਾਂ ‘ਚ ਕੀਤੀ ਸੀ ਕਟੌਤੀ
ਪਿਛਲੇ ਸ਼ਨੀਵਾਰ ਨੂੰ ਅਮੂਲ ਨੇ ਆਪਣੇ ਉਤਪਾਦਾਂ ਜਿਵੇਂ ਕਿ ਅਮੂਲ ਗੋਲਡ, ਅਮੂਲ ਤਾਜ਼ਾ ਅਤੇ ਚਾਹ ਸਪੈਸ਼ਲ ਮਿਲਕ ਦੀਆਂ ਕੀਮਤਾਂ ਘਟਾਈਆਂ। ਇਹ ਕਦਮ ਗਾਹਕਾਂ ਨੂੰ ਰਾਹਤ ਦੇਣ ਲਈ ਚੁੱਕਿਆ ਗਿਆ ਹੈ।
ਅਮੂਲ ਨੇ ਵੀ ਆਪਣੀਆਂ ਕੀਮਤਾਂ 1 ਰੁਪਏ ਘਟਾ ਦਿੱਤੀਆਂ ਹਨ। ਵੇਰਕਾ ਅਤੇ ਅਮੂਲ ਦੀ ਇਸ ਪਹਿਲਕਦਮੀ ਨਾਲ ਮਹਿੰਗਾਈ ਦੇ ਇਸ ਦੌਰ ਵਿੱਚ ਆਮ ਖਪਤਕਾਰਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ।