ਸੋਸ਼ਲ ਮੀਡੀਆ ’ਤੇ ਫਾਇਰਿੰਗ ਦੀ ਵੀਡੀਓ ਵਾਇਰਲ; ਬਠਿੰਡਾ ਪੁਲਿਸ ਵੱਲੋਂ ਮੁਲਜ਼ਮ ਗ੍ਰਿਫ਼ਤਾਰ
Latest News: ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਭਾਗੀ ਨਾਲ ਸਬੰਧਿਤ ਇੱਕ ਵਿਅਕਤੀ ਦੀ ਫਾਇਰਿੰਗ ਕਰਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਸਰਵਜਨਿਕ ਥਾਂ ’ਤੇ ਅਸਲੇ ਨਾਲ ਫਾਇਰ ਕਰਦਾ ਨਜ਼ਰ ਆ ਰਿਹਾ ਸੀ।
ਪੁਲਿਸ ਜਾਂਚ ਦੌਰਾਨ ਵਿਅਕਤੀ ਦੀ ਪਹਿਚਾਣ ਕਾਲੂ ਸਿੰਘ, ਵਾਸੀ ਪਿੰਡ ਗਹਿਰੀ ਭਾਗੀ ਵਜੋਂ ਹੋਈ। ਵੀਡੀਓ ਸਾਹਮਣੇ ਆਉਣ ਮਗਰੋਂ ਬਠਿੰਡਾ ਪੁਲਿਸ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਅਤੇ ਸਬੰਧਤ ਥਾਣਾ ਕੋਟ ਫਤਹਾ ਵਿੱਚ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਲਾ ਐਂਡ ਆਰਡਰ ਨੂੰ ਬਣਾਈ ਰੱਖਣ ਲਈ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਕਿ ਅਸਲੇ ਦੀ ਨਮਾਇਸ਼ ਜਾਂ ਗਲੋਰੀਫਿਕੇਸ਼ਨ ਨਾ ਕੀਤੀ ਜਾਵੇ ਅਤੇ ਨਾ ਹੀ ਅਜਿਹਾ ਸਮੱਗਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਜਾਵੇ। ਇਸ ਦੇ ਬਾਵਜੂਦ ਕੁਝ ਸ਼ਰਾਰਤੀ ਅਨਸਰ ਅਸਲੇ ਨਾਲ ਤਸਵੀਰਾਂ ਅਤੇ ਵੀਡੀਓ ਬਣਾਕੇ ਵਾਇਰਲ ਕਰ ਰਹੇ ਹਨ।
ਇਸ ਮਾਮਲੇ ਵਿੱਚ ਵੀ ਕਾਲੂ ਸਿੰਘ ਨੇ ਆਪਣੇ ਸਾਥੀਆਂ ਵਿਚਕਾਰ ਖੜ੍ਹ ਕੇ ਫਾਇਰਿੰਗ ਕੀਤੀ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ, ਜੋ ਬਾਅਦ ਵਿੱਚ ਵਾਇਰਲ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।