Bikram Singh Majithia Case: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਦਾਅਵਾ ਕੀਤਾ ਕਿ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਹਾਲ ਹੀ ਵਿਚ ਦਰਜ ਕੀਤੇ ਆਮਦਨ ਨਾਲੋਂ ਵੱਧ ਜਾਇਦਾਦ ਦੇ ਕੇਸ (Income Case) ਵਿਚ ਸਬੂਤ ਜੁਟਾਉਣ ਵਿਚ ਫੇਲ੍ਹ ਹੋਂਣ ਮਗਰੋਂ ਹੁਣ ਵਿਜੀਲੈਂਸ ਅਧਿਕਾਰੀ ਕਥਿਤ ਝੂਠੇ ਸਬੂਤ ਤਿਆਰ ਕਰਨ ਵਿਚ ਜੁੱਟ ਗਏ ਹਨ।
ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਅਤੇ ਐਡਵੋਕੇਟ ਦਮਨਬੀਰ ਸਿੰਘ ਸੋਬਤੀ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਆਪਣੇ ਕੀਤੇ ਦਾਅਵੇ ਕਿ ਮਜੀਠੀਆ ਕੋਲੋਂ 29 ਮੋਬਾਈਲ ਫੋਨ ਬਰਾਮਦ ਹੋਏ 141 ਕਰੋੜ ਰੁਪਏ ਦਾ ਲੈਣ ਦੇਣ ਹੋਇਆ, 540 ਕਰੋੜ ਰੁਪਏ ਦਾ ਨਿਵੇਸ਼ ਹੋਇਆ ਅਤੇ ਹਿਮਾਚਲ ਪ੍ਰਦੇਸ਼ ਵਿਚ 1000 ਏਕੜ ਜ਼ਮੀਨ ਹੈ, ਦੇ ਹੱਕ ਵਿਚ ਸਬੂਤ ਨਹੀਂ ਜੁਟਾ ਸਕੀ। ਉਨ੍ਹਾਂ ਕਿਹਾ ਕਿ ਹੁਣ ਵਿਜੀਲੈਂਸ ਨੇ ਗੈਰ-ਕਾਨੂੰਨੀ ਤੌਰ ’ਤੇ ਲੋਕਾਂ ਨੂੰ ਚੁੱਕਣ ਅਤੇ ਉਹਨਾਂ ਨੂੰ ਧਾਰਾ 164 ਤਹਿਤ ਬਿਆਨ ਦਰਜ ਕਰਵਾਉਣ ਲਈ ਤਸੀਹੇ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਦਾਹਰਣ ਦਿੰਦਿਆਂ ਉਹਨਾਂ ਦੱਸਿਆ ਕਿ ਜੀਐਸ ਬੈਂਸ ਨਾਂਅ ਦੇ ਐਸ.ਪੀ. ਨੇ ਬਲਵਿੰਦਰ ਸਿੰਘ ਤੇ ਉਹਨਾਂ ਦੇ ਜੀਜਾ ਮਨਜਿੰਦਰ ਸਿੰਘ ਨੂੰ 21 ਜੁਲਾਈ ਨੂੰ ਅੰਮ੍ਰਿਤਸਰ ਤੋਂ ਚੁੱਕਿਆ। ਉਹਨਾਂ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹੋਟਲ ਵਿਚ ਰੱਖਿਆ ਗਿਆ ਅਤੇ ਮਜਬੂਰ ਕੀਤਾ ਗਿਆ ਕਿ ਉਹ ਇਹ ਬਿਆਨ ਧਾਰਾ 164 ਤਹਿਤ ਦੇਣ ਕਿ ਉਹਨਾਂ ਦੇ ਮਰਹੂਮ ਭਰਾ ਰੁਪਿੰਦਰ ਸਿੰਘ ਨੇ ਜੋ ਪੂੰਜੀਨਿਵੇਸ਼ ਕੀਤਾ ਸੀ, ਉਹ ਸਾਰਾ ਪੈਸਾ ਬਿਕਰਮ ਸਿੰਘ ਮਜੀਠੀਆ ਨੇ ਨਗਦ ਦਿੱਤਾ ਸੀ। ਵਕੀਲਾਂ ਨੇ ਦੱਸਿਆ ਕਿ ਅਗਲੇ ਦਿਨ ਦੋਵਾਂ ਨੂੰ ਮੁਹਾਲੀ ਵਿਚਲੇ ਵਿਜੀਲੈਂਸ ਬਿਊਰੋ ਦਫਤਰ ਵਿਚ ਲਿਆਂਦਾ ਗਿਆ, ਜਿਥੇ ਜਾਂਚ ਅਫਸਰ ਇੰਦਰਪਾਲ ਸਿੰਘ ਨੇ ਉਹਨਾਂ ਨੂੰ ਗਾਲ੍ਹਾਂ ਕੱਢੀਆਂ।
ਅਰਸ਼ਦੀਪ ਕਲੇਰ ਤੇ ਦਮਨਬੀਰ ਸੋਬਤੀ ਨੇ ਦੱਸਿਆ ਕਿ ਇਹਨਾਂ ਦੋਵਾਂ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕੀਤੀ ਤੇ ਹੈਬੀਅਸ ਕੋਰਪਸ ਪਟੀਸ਼ਨ ਦਾਇਰ ਕੀਤੀ ਹਾਈਕੋਰਟ ਨੇ ਇਕ ਵਾਰੰਟ ਅਫਸਰ ਨਿਯੁਕਤ ਕਰ ਦਿੱਤਾ, ਜਿਸਨੇ ਟੀਮ ਸਮੇਤ ਵਿਜੀਲੈਂਸ ਬਿਊਰੋ ਦੇ ਦਫਤਰ ਰੇਡ ’ਤੇ ਕੀਤੀ। ਉਹਨਾਂ ਦੱਸਿਆ ਕਿ ਜਦੋਂ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਵਾਂ ਨੂੰ ਤੁਰੰਤ ਅੰਮ੍ਰਿਤਸਰ ਭੇਜ ਦਿੱਤਾ ਗਿਆ ਤੇ ਰਾਹ ਵਿਚ ਮਜਬੂਰ ਕੀਤਾ ਗਿਆ ਕਿ ਉਹ ਆਪਣੇ ਪਰਿਵਾਰ ਨੂੰ ਦੱਸਣ ਕਿ ਅਸੀਂ ਬੱਸ ਵਿਚ ਬੈਠ ਕੇ ਅੰਮ੍ਰਿਤਸਰ ਆ ਰਹੇ ਹਾਂ ਪਰ ਦੋਵਾਂ ਨੇ ਇਨਕਾਰ ਕਰ ਦਿੱਤਾ।
ਆਗੂਆਂ ਨੇ ਦਾਅਵਾ ਕੀਤਾ ਕਿ ਹੁਣ ਵਾਸੂ ਪਾਠਕ ਨਾਂਅ ਦੇ ਵਿਅਕਤੀ ਦਾ ਬਿਆਨ ਦਰਜ ਹੋ ਰਿਹਾ ਹੈ ਜੋ ਦੱਸ ਰਿਹਾ ਹੈ ਕਿ ਇਕ ਜੀਤਾ ਮੌੜ ਨਾਂ ਦੇ ਵਿਅਕਤੀ ਨੇ ਬਿਕਰਮ ਮਜੀਠੀਆ ਤੋਂ ਲਏ ਨਗਦ ਪੈਸਿਆਂ ਨਾਲ ਨਿਵੇਸ਼ ਕੀਤਾ ਹੈ। ਉਹਨਾਂ ਦੱਸਿਆ ਕਿ ਇਕ ਵਿਅਕਤੀ ਮਹੇਸ਼ ਪੁਰੀ, ਹੈ ਜੋ ਆਪਣੇ ਆਪ ਨੂੰ ਸੀਬੀਆਈ ਦਾ ਸੇਵਾ ਮੁਕਤ ਅਫਸਰ ਤੇ ਕੇਜਰੀਵਾਲ ਦਾ ਸਾਰੇ ਕੇਸਾਂ ਵਿਚ ਸਲਾਹਕਾਰ ਦੱਸਦਾ ਹੈ। ਉਹ ਵਿਜੀਲੈਂਸ ਬਿਊਰੋ ਦਫਤਰ ਵਿਚ ਅਕਸਰ ਆਉਂਦਾ ਜਾਂਦਾ ਹੈ ਅਤੇ ਅਫਸਰਾਂ ਨੂੰ ਦੱਸਦਾ ਹੈ ਕਿ ਕੇਸ ਵਿਚ ਅੱਗੇ ਕਿਵੇਂ ਵਧਣਾ ਹੈ। ਇਸੇ ਤਰੀਕੇ ਵਿਸ਼ਾਲਜੀਤ ਸਿੰਘ ਨਾਂਅ ਦਾ ਇਕ ਹੋਰ ਵਿਅਕਤੀ ਹੈ, ਜੋ ਪੰਜਾਬ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਾ ਹੈ। ਮਹੇਸ਼ ਪੁਰੀ ਤੇ ਵਿਸ਼ਾਲਜੀਤ ਸਿੰਘ ਦਿੱਲੀ ਵਿਚ ਰਚੀ ਗਈ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਅਧਿਕਾਰੀਆਂ ਨੂੰ ਫਾਈਲਾਂ ਸਾਈਨ ਕਰਨ ਲਈ ਆਖ ਰਹੇ ਹਨ।
”ਮਜੀਠੀਆ ਖਿਲਾਫ਼ ਦਰਜ ਹੋ ਸਕਦੈ ਇੱਕ ਹੋਰ ਕੇਸ”
ਮਜੀਠੀਆ ਦੀ ਲੀਗਲ ਟੀਮ ਨੇ ਕਿਹਾ ਕਿ ਹੁਣ ਇਕ ਰਵਜੋਤ ਕੌਰ ਗਰੇਵਾਲ ਅਤੇ ਨਵੀਨ ਸਿੰਗਲਾ ਨੂੰ ਟੀਮ ਨਾਲ ਜੋੜਿਆ ਗਿਆ ਹੈ ਪਰ ਉਸਦੇ ਰਸਮੀ ਹੁਕਮ ਜਾਰੀ ਨਹੀਂ ਹੋਏ। ਇਹ ਲੋਕ ਹੀ ਮਜੀਠੀਆ ਖਿਲਾਫ ਝੂਠੇ ਸਬੂਤ ਤਿਆਰ ਕਰਨ ਦਾ ਸਾਰਾ ਕੰਮ ਵੇਖ ਰਹੇ ਹਨ। ਉਹਨਾਂ ਕਿਹਾ ਕਿ ਸਬੂਤ ਇਕੱਠੇ ਕਰਨ ਦਾ ਕੰਮ ਹੁਣ ਖ਼ਤਮ ਹੋ ਗਿਆ ਅਤੇ ਸਬੂਤ ਤਿਆਰ ਕਰਨ ਦਾ ਕੰਮ ਚਲ ਰਿਹਾ ਹੈ। ਉਹਨਾਂ ਖਦਸ਼ਾ ਜ਼ਾਹਰ ਕੀਤਾ ਕਿ ਬਿਕਰਮ ਮਜੀਠੀਆ ਦੇ ਖਿਲਾਫ ਤੀਜਾ ਕਥਿਤ ਝੂਠਾ ਕੇਸ ਵੀ ਦਰਜ ਕੀਤਾ ਜਾਵੇਗਾ, ਤਾਂ ਜੋ ਉਹਨਾਂ ਦੀ ਆਵਾਜ਼ ਦਬਾਈ ਜਾ ਸਕੇ, ਕਿਉਂਕਿ ਉਹ ਹੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੋਕਾਂ ਨਾਲ ਕੀਤੇ ਵਾਅਦੇ ਨਾ ਕਰਨ ਬਾਰੇ ਸਵਾਲ ਜਵਾਬ ਕਰਦੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦੀ ਟੀਮ ਦੇ ਇਕ ਵਕੀਲ ਨੂੰ ਡੀਏ ਕੇਸ ਦੀ ਪਿਛਲੀ ਸੁਣਵਾਈ ’ਤੇ ਘਰ ਵਿਚ ਨਜ਼ਰਬੰਦ ਕਰਕੇ ਰੱਖਿਆ ਗਿਆ। ਇਸ ਤੋ਼ ਇਲਾਵਾ ਮੁਹਾਲੀ ਦੇ ਐਸ ਐਸ ਪੀ ਨੇ ਖੁਦ ਪੁਲਿਸ ਟੀਮ ਦੀ ਅਗਵਾਈ ਕੀਤੀ ਜਿਹਨਾਂ ਨੇ ਕੋਰਟ ਕੰਪਲੈਕਸ ਵਿਚ ਸਾਡੀ ਲੀਗਲ ਟੀਮ ਦੇ ਮੈਂਬਰਾਂ ਨਾਲ ਬਦਤਮੀਜੀ ਕੀਤੀ। ਉਹਨਾਂ ਦੱਸਿਆ ਕਿ ਮਾਮਲੇ ਬਾਰੇ ਹਾਈ ਕੋਰਟ ਦੀ ਬਾਰ ਕੌਂਸਲ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਜਿਹੜਾ ਸਿਮ ਕਾਰਡ ਖੰਨਾ ਦੇ ਰਹਿਣ ਵਾਲੇ ਨਵਨੀਤ ਸਿੰਘ ਦੇ ਨਾਂ ’ਤੇ ਦੱਸਿਆ ਜਾ ਰਿਹਾਹੈ, ਉਸਦਾ ਮਜੀਠੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪੁਲਿਸ ਨੇ ਨਵੀਂ ਹੀ ਕਹਾਣੀ ਘੜ ਕੇ ਲੋਕਾਂ ਨੂੰ ਪਰੋਸ ਦਿੱਤੀ ਹੈ।
ਕਾਨੂੰਨੀ ਟੀਮ ਨੇ ਮੁੜ ਦੁਹਰਾਇਆ ਕਿ ਉਹ ਇਨ੍ਹਾਂ ਕਥਿਤ ਝੂਠੇ ਕੇਸਾਂ ਵਿਚ ਸਰਕਾਰ ਦਾ ਡੱਟ ਕੇ ਮੁਕਾਬਲਾ ਕਰੇਗੀ ਅਤੇ ਸਾਰੇ ਕੇਸਾਂ ਨੂੰ ਤਰਕਸੰਗਤ ਨਤੀਜੇ ਤੱਕ ਪਹੁੰਚਾਇਆ ਜਾਵੇਗਾ।