1 ਮਿੰਟ 7 ਸੈਕਿੰਡ ਤੱਕ ਭਾਰ ਚੁੱਕ ਕੇ ਦਿੱਤਾ ਭਾਰਤੀ ਫੌਜ ਨੂੰ ਨਮਨ, ਤਿਰੰਗਾ ਗੂੰਜਿਆ ਬੋਰਡਰ ‘ਤੇ
ਭਾਰਤ ਦੇ ਮਸ਼ਹੂਰ ਸਟਰਾਂਗਮੈਨ ਵਿਸਪੀ ਖਰਾਡੀ ਨੇ ਅੱਜ ਇੱਕ ਵਾਰ ਫਿਰ ਆਪਣੀ ਬੇਮਿਸਾਲ ਤਾਕਤ ਅਤੇ ਜਜ਼ਬੇ ਨਾਲ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ 261 ਕਿਲੋਗ੍ਰਾਮ ਭਾਰ ਚੁੱਕ ਕੇ 1 ਮਿੰਟ 7 ਸੈਕਿੰਡ ਤੱਕ ਰੋਕ ਕੇ, ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਮ ਕੀਤਾ। ਇਹ ਇਤਿਹਾਸਕ ਮੋਮੈਂਟ ਅੰਮ੍ਰਿਤਸਰ ਅਟਾਰੀ ਅੰਤਰਰਾਸ਼ਟਰੀ ਸੀਮਾ ‘ਤੇ ਹੋਇਆ।
ਭਾਰਤੀ ਫੌਜ ਅਤੇ ਸ਼ਹੀਦਾਂ ਨੂੰ ਸਮਰਪਿਤ ਰਿਕਾਰਡ
ਰਿਕਾਰਡ ਬਣਾਉਣ ਤੋਂ ਬਾਅਦ ਵਿਸਪੀ ਖਰਾਡੀ ਨੇ ਭਾਵੁਕ ਹੋ ਕੇ ਇਹ ਉਪਲਬਧੀ ਭਾਰਤੀ ਫੌਜ, ਬੀਐੱਸਐਫ ਅਤੇ ਸ਼ਹੀਦਾਂ ਦੇ ਨਾਂਮ ਕੀਤੀ। ਉਨ੍ਹਾਂ ਨੇ ਕਿਹਾ:
“ਮੈਂ ਚਾਹੁੰਦਾ ਸੀ ਕਿ ਇਹ ਰਿਕਾਰਡ ਉਸ ਧਰਤੀ ‘ਤੇ ਬਣੇ ਜਿੱਥੇ ਸਾਡੇ ਜਵਾਨਾਂ ਨੇ ਇਤਿਹਾਸ ਰਚਿਆ ਸੀ। ਇਹ ਮੇਰੀ ਸਚੀ ਸ਼ਰਧਾਂਜਲੀ ਹੈ ਉਹਨਾਂ ਦੇ ਬਲਿਦਾਨ ਨੂੰ।”
ਗਿਨੀਜ਼ ਰਿਕਾਰਡ ਦੀ ਟੀਮ ਵੱਲੋਂ ਵਿਸਪੀ ਖਰਾਡੀ ਨੂੰ ਘੱਟੋ-ਘੱਟ 1 ਮਿੰਟ ਲਈ 261 ਕਿਲੋ ਭਾਰ ਚੁੱਕਣ ਦੀ ਚੁਣੌਤੀ ਦਿੱਤੀ ਗਈ ਸੀ। ਉਨ੍ਹਾਂ ਨੇ 1 ਮਿੰਟ 7 ਸੈਕਿੰਡ ਤੱਕ ਭਾਰ ਚੁੱਕ ਕੇ ਰਿਕਾਰਡ ਸਥਾਪਤ ਕਰ ਦਿੱਤਾ।
‘ਡੋਗਰਾ ਹਿੱਲ ਦੀ ਲੜਾਈ’ ਦਾ ਕੀਤਾ ਜ਼ਿਕਰ
ਵਿਸਪੀ ਨੇ ਆਪਣੇ ਸੰਦੇਸ਼ ਵਿੱਚ 1965 ਦੀ ਡੋਗਰਾ ਹਿੱਲ ਦੀ ਲੜਾਈ ਅਤੇ ਭਾਰਤੀ ਫੌਜ ਦੀ ਸ਼ੂਰਵੀਰਤਾ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ:
“ਉਸ ਸਮੇਂ ਸਾਡੇ ਜਵਾਨਾਂ ਨੇ ਇੱਥੋਂ 20 ਕਿਲੋਮੀਟਰ ਅੰਦਰ ਜਾ ਕੇ ਦੁਸ਼ਮਣਾਂ ਨੂੰ ਹਰਾਇਆ ਸੀ ਤੇ ਤਿਰੰਗਾ ਲਹਿਰਾਇਆ ਸੀ। ਅੱਜ ਵੀ ਕਈ ਲੋਕ ਉਹ ਇਤਿਹਾਸਕ ਬਲਿਦਾਨ ਨਹੀਂ ਜਾਣਦੇ।”
ਵਿਸਪੀ ਖਰਾਡੀ ਪਹਿਲਾਂ ਵੀ ਕਈ ਦੇਸ਼ੀ ਤੇ ਵਿਦੇਸ਼ੀ ਤੌਰ ‘ਤੇ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ, ਪਰ ਅਟਾਰੀ ਬੋਰਡਰ ‘ਤੇ ਬਣਿਆ ਇਹ ਨਵਾਂ ਰਿਕਾਰਡ, ਨਾ ਸਿਰਫ ਉਨ੍ਹਾਂ ਦੀ ਨਿੱਜੀ ਉਪਲਬਧੀ ਹੈ, ਸਗੋਂ ਫੌਜ ਨੂੰ ਸਮਰਪਿਤ ਸੱਚੀ ਸ਼ਰਧਾਂਜਲੀ ਵੀ ਹੈ।