Chandigarh Mayor Election 2025: ਚੋਣਾਂ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਭਾਰੀ ਪੁਲਸ ਸੁਰੱਖਿਆ ਹੈ। ਨਗਰ ਨਿਗਮ ਦੀ ਇਮਾਰਤ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ‘ਤੇ ਬੈਰੀਕੇਡਿੰਗ ਕੀਤੀ ਗਈ ਹੈ।
Chandigarh Mayor Election: ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਹਿਲੀ ਵੋਟ ਪਾਈ। ਭਾਜਪਾ ਨੇ ਹਰਪ੍ਰੀਤ ਕੌਰ ਬਬਲਾ ਅਤੇ ਆਮ ਆਦਮੀ ਪਾਰਟੀ (ਆਪ) ਨੇ ਪ੍ਰੇਮ ਲਤਾ ਨੂੰ ਮੈਦਾਨ ‘ਚ ਉਤਾਰਿਆ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਇਸ ਚੋਣ ਦੀ ਵੀਡੀਓਗ੍ਰਾਫੀ ਹੋਵੇਗੀ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਜੈਸ਼੍ਰੀ ਠਾਕੁਰ ਇਥੇ ਨਿਗਰਾਨ ਵਜੋਂ ਹਾਜ਼ਰ ਰਹਿਣਗੇ।
ਇਸ ਦੌਰਾਨ ਬੁੱਧਵਾਰ ਸ਼ਾਮ ਨੂੰ ਮੌਜੂਦਾ ਮੇਅਰ ਕੁਲਦੀਪ ਟੀਟਾ ਖਿਲਾਫ ਭ੍ਰਿਸ਼ਟਾਚਾਰ ਦੀ FIR ਦਰਜ ਕੀਤੀ ਗਈ ਸੀ ਹਾਲਾਂਕਿ ਵੋਟਿੰਗ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ। ਹੁਣ ਉਹ ਵੋਟਿੰਗ ਵਿੱਚ ਹਿੱਸਾ ਲੈ ਸਕਦੇ ਹਨ।

ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਨਿਗਮ ਕੌਂਸਲਰਾਂ ਦੀ ਚੋਣ 5 ਸਾਲ ਵਿੱਚ ਇੱਕ ਵਾਰ ਹੁੰਦੀ ਹੈ ਪਰ ਇੱਥੇ ਮੇਅਰ ਦੀ ਚੋਣ ਹਰ ਸਾਲ ਹੁੰਦੀ ਹੈ। ਵੋਟਿੰਗ ਸਵੇਰੇ 11 ਵਜੇ ਸ਼ੁਰੂ ਹੋਈ। ਨਾਮਜ਼ਦ ਕੌਂਸਲਰ ਰਮਨੀਕ ਸਿੰਘ ਬੇਦੀ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ।
ਇਨ੍ਹਾਂ ਵਿਚਕਾਰ ਮੁਕਾਬਲਾ
ਭਾਜਪਾ ਵੱਲੋਂ ਮੇਅਰ ਦੇ ਅਹੁਦੇ ਲਈ ਹਰਪ੍ਰੀਤ ਕੌਰ ਬਬਲਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਬਿਮਲਾ ਦੂਬੇ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਲਖਬੀਰ ਸਿੰਘ ਬਿੱਲੂ ਉਮੀਦਵਾਰ ਹਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਵੱਲੋਂ ਮੇਅਰ ਦੇ ਅਹੁਦੇ ਲਈ ਪ੍ਰੇਮਲਤਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਜਸਬੀਰ ਸਿੰਘ ਬੰਟੀ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਤਰੁਣਾ ਮਹਿਤਾ ਉਮੀਦਵਾਰ ਹਨ। ‘ਆਪ’ ਅਤੇ ਕਾਂਗਰਸ ਦੇ ਗਠਜੋੜ ‘ਚ ‘ਆਪ’ ਨੂੰ ਮੇਅਰ ਦਾ ਅਹੁਦਾ ਮਿਲਿਆ ਹੈ, ਜਦਕਿ ਕਾਂਗਰਸ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਅਹੁਦਾ ਮਿਲਿਆ ਹੈ।

ਨਿਗਮ ਦਫ਼ਤਰ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ
ਚੋਣਾਂ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਭਾਰੀ ਪੁਲਸ ਸੁਰੱਖਿਆ ਹੈ। ਨਗਰ ਨਿਗਮ ਦੀ ਇਮਾਰਤ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ‘ਤੇ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਡੀਸੀ, ਏਡੀਸੀ, ਐਸਐਸਪੀ, ਐਸਡੀਐਮ ਸਮੇਤ ਅਧਿਕਾਰੀ ਮੌਕੇ ’ਤੇ ਮੌਜੂਦ ਹਨ।