ਤਰਨਤਾਰਨ ਉਪ ਚੋਣ ਲਈ ਵੋਟਿੰਗ ਸਮਾਪਤ, ਸ਼ਾਂਤਮਈ ਢੰਗ ਨਾਲ ਸਿਰੇ ਚੜੀ ਵੋਟਿੰਗ ਪ੍ਰੀਕਿਰਿਆ, ਜਾਣੋ ਕਿੰਨ੍ਹੇ ਫ਼ੀਸਦ ਹੋਈ ਵੋਟਿੰਗ
Voting for Tarn Taran by-election; ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਵੋਟਿੰਗ ਪ੍ਰੀਕਿਰਿਆ ਸਮਾਪਤ ਹੋ ਗਈ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਇਹ ਸ਼ਾਮ 6 ਵਜੇ ਤੱਕ ਸ਼ਾਂਤਮਈ ਢੰਗ ਨਾਲ ਜਾਰੀ ਰਹੀ। ਇਸ ਦੌਰਾਨ ਲੋਕਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਵੇਰੇ 9 ਵਜੇ ਤੱਕ 11%, 11 ਵਜੇ ਤੱਕ 23.35%, ਦੁਪਹਿਰ 1 ਵਜੇ ਤੱਕ 36.06%, ਦੁਪਹਿਰ 3 ਵਜੇ ਤੱਕ 47.48% ਅਤੇ ਸ਼ਾਮ 5 ਵਜੇ ਤੱਕ 59.28% ਵੋਟਿੰਗ ਹੋਈ।
ਦੱਸ ਦਈਏ ਕਿ ਤਰਨ ਤਾਰਨ ਵਿਧਾਨ ਸਭਾ ਸੀਟ ਜੂਨ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਜ਼ਿਮਨੀ ਚੋਣ ਦੌਰਾਨ ਕੁੱਲ 15 ਉਮੀਦਵਾਰ ਮੈਦਾਨ ‘ਚ ਹਨ। ਪਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ, ਕਾਂਗਰਸ ਦੇ ਕਰਨਬੀਰ ਸਿੰਘ ਬੁਰਜ ਵਿਚਾਲੇ ਦੇਖਣ ਨੂੰ ਮਿਲ ਸਕਦਾ ਹੈ। ਭਾਜਪਾ ਤੋਂ ਹਰਜੀਤ ਸਿੰਘ ਸੰਧੂ ਅਤੇ ‘ਵਾਰਿਸ ਪੰਜਾਬ ਦੇ’ ਉਮੀਦਵਾਰ ਮਨਦੀਪ ਸਿੰਘ ਵੱਲੋਂ ਵੀ ਪੂਰੀ ਵਾਹ ਲਗਾਈ ਗਈ ਹੈ।
ਤਰਨ ਤਾਰਨ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,92,838 ਹੈ। ਇਸ ਵਿੱਚ 1,00,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ 8 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ ਕੁੱਲ ਸਰਵਿਸ ਵੋਟਰ 1,357, ਜਦਕਿ 85 ਸਾਲ ਦੀ ਉਮਰ ਤੋਂ ਵੱਧ ਵਾਲੇ ਕੁੱਲ ਵੋਟਰਾਂ ਦੀ ਗਿਣਤੀ 1,657 ਹੈ। ਉੱਥੇ ਹੀ ਕੁੱਲ ਐਨ.ਆਰ.ਆਈ ਵੋਟਰ 306 ਅਤੇ ਦਿਵਿਆਂਗ ਵੋਟਰਾਂ ਦੀ ਕੁੱਲ ਗਿਣਤੀ 1,488 ਹੈ। ਇਸ ਦੇ ਨਾਲ ਹੀ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ ਕੁੱਲ ਗਿਣਤੀ 3,333 ਹੈ।