ਜੰਗ ਕਦੇ ਜਿੱਤ ਨਹੀਂ ਹੁੰਦੀ, ਇਹ ਸਿਰਫ਼ ਮਾਵਾਂ ਦੀਆਂ ਝੋਲੀਆਂ ਸੁਣੀਆਂ ਕਰ ਜਾਂਦੀ ਹੈ
ਜੰਗ ਕਦੇ ਜਿੱਤ ਨਹੀਂ ਹੁੰਦੀ, ਇਹ ਸਿਰਫ਼ ਮਾਵਾਂ ਦੀਆਂ ਝੋਲੀਆਂ ਸੁਣੀਆਂ ਕਰ ਜਾਂਦੀ ਹੈ…
ਉਹਨਾਂ ਦੇ ਦਿਲਾਂ ‘ਚ ਅਜਿਹਾ ਖਾਲੀਪਨ ਛੱਡ ਜਾਂਦੀ ਹੈ, ਜੋ ਕਦੇ ਨਹੀਂ ਭਰਦਾ…
ਮੁਹੱਬਤ, ਵੇਦਨਾ, ਨੇਕੀ, ਹਲੀਮੀ, ਸਬਰ, ਉਮੀਦ,ਤਿਆਗ, ਹਿੰਮਤ,
ਸਿਰਫ਼ ਸ਼ਬਦ ਨਹੀਂ… ਇਹ ਇੱਕ ਮਾਂ ਦੀ ਪੂਰੀ ਦੁਨੀਆ ਹੁੰਦੀ ਹੈ…
ਇੱਕ ਮਾਂ…
ਜੋ ਆਪਣੇ ਬੱਚੇ ਨੂੰ 9 ਮਹੀਨੇ ਆਪਣੀ ਕੋਖ ‘ਚ ਰੱਖਦੀ ਹੈ…
ਹਰ ਦਰਦ ਨੂੰ ਹੱਸ ਕੇ ਸਹਿੰਦੀ ਹੈ…
ਹਰ ਧੜਕਣ ‘ਚ ਆਪਣੇ ਬੱਚੇ ਨੂੰ ਮਹਿਸੂਸ ਕਰਦੀ ਹੈ…
ਉਹ ਉਸਦੇ ਲਈ ਸੁਪਨੇ ਬੁਣਦੀ ਹੈ…
ਉਸਦੀ ਹਰ ਸਾਹ ‘ਚ ਉਸਦੇ ਭਵਿੱਖ ਲਈ ਦੁਆ ਹੁੰਦੀ ਹੈ…
ਪਰ ਕਦੇ-ਕਦੇ…
ਇੱਕ ਜੰਗ… ਜਿਸਦਾ ਉਸ ਮਾਂ ਨਾਲ ਕੋਈ ਲੈਣਾ-ਦੇਣਾ ਨਹੀਂ…
ਉਸਦੀ ਪੂਰੀ ਦੁਨੀਆ ਇਕ ਪਲ ‘ਚ ਉਜਾੜ ਦੇਂਦੀ ਹੈ…
28 ਫਰਵਰੀ 2026…
ਮਿਨਾਬ ਦੇ ਇੱਕ ਸਕੂਲ ‘ਚ…
ਹੱਸਦੇ-ਖੇਡਦੇ ਬੱਚਿਆਂ ਦੀਆਂ ਆਵਾਜ਼ਾਂ ਅਚਾਨਕ ਖਾਮੋਸ਼ ਹੋ ਗਈਆਂ…
160 ਤੋਂ ਵੱਧ ਮਾਸੂਮ ਜਿੰਦਗੀਆਂ… ਇਕ ਪਲ ‘ਚ ਖਤਮ…
ਅਤੇ ਫਿਰ…
ਇੱਕ ਦਿਲ ਚੀਰ ਦੇਣ ਵਾਲਾ ਮੰਜ਼ਰ ਸਾਹਮਣੇ ਆਉਂਦਾ ਹੈ…
ਇੱਕ ਮਾਂ…
ਆਪਣੇ ਬੱਚੇ ਦੀ ਕਬਰ ਕੋਲ ਬੈਠੀ ਹੈ…
ਅੱਖਾਂ ‘ਚ ਅੱਥਰੂ ਵੀ ਨੇ… ਤੇ ਇਕ ਅਜਿਹਾ ਦਰਦ ਵੀ, ਜੋ ਸ਼ਬਦਾਂ ‘ਚ ਦੱਸਿਆ ਜਾ ਸਕਦਾ
ਉਹ ਟੁੱਟ ਚੁੱਕੀ ਹੈ…
ਪਰ ਫਿਰ ਵੀ ਆਪਣੇ ਬੱਚੇ ਨਾਲ ਗੱਲਾਂ ਕਰ ਰਹੀ ਹੈ…
ਜਿਵੇਂ ਉਹ ਅਜੇ ਵੀ ਉਸਦੀ ਆਵਾਜ਼ ਸੁਣ ਰਿਹਾ ਹੋਵੇ…
ਉਹ ਆਪਣੇ ਕੰਬਦੇ ਹੱਥਾਂ ਨਾਲ ਮਿੱਟੀ ਨੂੰ ਛੂਹਦੀ ਹੈ…
ਜਿਵੇਂ ਆਪਣੇ ਬੱਚੇ ਦੇ ਚਿਹਰੇ ਨੂੰ ਆਖਰੀ ਵਾਰ ਸਹਲਾ ਰਹੀ ਹੋਵੇ…
ਸ਼ਾਇਦ ਉਹ ਕਹਿ ਰਹੀ ਹੋਵੇ—
“ਮੇਰੇ ਬੱਚੇ… ਇਕ ਵਾਰੀ ਅੱਖਾਂ ਖੋਲ੍ਹ ਲੈ…
ਮੈਂ ਅਜੇ ਵੀ ਇੱਥੇ ਹਾਂ… ਤੈਨੂੰ ਛੱਡ ਕੇ ਨਹੀਂ ਗਈ…”
ਉਸਦੀ ਹਰ ਗੱਲ ‘ਚ ਚੀਖ ਹੈ…
ਹਰ ਸਾਹ ‘ਚ ਖਾਲੀਪਨ…
ਹਰ ਅੱਥਰੂ ‘ਚ ਇੱਕ ਟੁੱਟਿਆ ਹੋਇਆ ਸੰਸਾਰ…
ਸਵਾਲ ਅਜੇ ਵੀ ਓਹੀ ਖੜ੍ਹਾ ਹੈ—
ਇਹ ਜੰਗਾਂ… ਇਹ ਸਿਆਸਤ…
ਇਹਨਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਸੀ?
ਇਹਨਾਂ ਮਾਵਾਂ ਦੀ ਕੀ ਗਲਤੀ ਸੀ?
ਇੱਕ ਮਾਂ ਨੇ ਤਾਂ ਸਿਰਫ਼ ਇਹੀ ਚਾਹਿਆ ਸੀ…
ਕਿ ਉਹ ਆਪਣੇ ਬੱਚੇ ਦੇ ਨਾਲ ਰਹੇ… ਉਸਨੂੰ ਵੱਡਾ ਹੁੰਦਾ ਵੇਖੇ…
ਪਰ ਜੰਗ ਨੇ…
ਉਸਦੇ ਹੱਥਾਂ ‘ਚੋਂ ਉਸਦਾ ਸਭ ਕੁਝ ਖੋਹ ਲਿਆ…
ਉਸਦੇ ਸੁਪਨੇ… ਉਸਦੀ ਦੁਨੀਆ… ਉਸਦਾ ਬੱਚਾ…
ਜੰਗ ਕਦੇ ਜਿੱਤ ਨਹੀਂ ਹੁੰਦੀ…
ਇਹ ਸਿਰਫ਼ ਮਾਵਾਂ ਨੂੰ ਉਮਰ ਭਰ ਲਈ ਹਾਰ ਦੇ ਜਾਂਦੀ ਹੈ…
ਲਿਖਤ- ਛਾਇਆ ਮਨਚੰਦਾ