Punjab Weather Rain Alert: ਪੰਜਾਬ ਵਿਚ ਮੌਸਮ ਇਕਦਮ ਬਦਲ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਇਕਦਮ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ। ਚੰਡੀਗੜ੍ਹ ਅਤੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਪੰਜਾਬ ਦੇ ਮੋਹਾਲੀ, ਜ਼ੀਰਕਪੁਰ, ਰਾਜਪੁਰਾ, ਪਟਿਆਲਾ ਸਣੇ ਕਈ ਇਲਾਕਿਆਂ ਵਿਚ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ।
ਇਧਰ, ਭਾਰਤੀ ਮੌਸਮ ਵਿਭਾਗ (IMD) ਨੇ 8 ਤੋਂ 14 ਅਗਸਤ ਦੌਰਾਨ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿਚ ਵੀ ਮੀਂਹ ਦਾ ਇਕ ਨਵਾਂ ਦੌਰ ਸ਼ੁਰੂ ਹੋਵੇਗਾ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਸ਼ਾਮ ਤੋਂ ਅਗਲੇ 3 ਦਿਨ ਰੁਕ-ਰੁਕ ਕੇ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ 12 ਅਗਸਤ ਨੂੰ ਪੂਰੇ ਪੰਜਾਬ ਵਿਚ ਭਾਰੀ ਮੀਂਹ ਪਵੇਗਾ ਅਤੇ ਇਹ ਸਿਲਸਲਾ ਅਗਲੇ 3 ਤੋਂ 4 ਦਿਨ ਜਾਰੀ ਰਹਿ ਸਕਦਾ ਹੈ।
ਵਿਭਾਗ ਨੇ ਅਗਲੇ 8-14 ਅਗਸਤ ਲਈ ਕਈ ਰਾਜਾਂ ਲਈ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਅਗਲੇ 7 ਦਿਨਾਂ ਲਈ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਕਈ ਥਾਵਾਂ ਉਤੇ ਭਾਰੀ ਮੀਂਹ ਅਤੇ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਦੀ ਚਿਤਾਵਨੀ ਹੈ। 8-14 ਅਗਸਤ ਨੂੰ ਮਹਾਰਾਸ਼ਟਰ, ਗੋਆ, ਗੁਜਰਾਤ, ਕੋਂਕਣ ਅਤੇ ਸੌਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਕੁਝ ਥਾਵਾਂ ‘ਤੇ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਕੁਝ ਖੇਤਰਾਂ ਵਿਚ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।
ਅਗਲੇ 7 ਦਿਨਾਂ ਵਿੱਚ, ਕੇਰਲ, ਕਰਨਾਟਕ, ਤਾਮਿਲਨਾਡੂ, ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਮ, ਰਾਇਲਸੀਮਾ, ਤੇਲੰਗਾਨਾ ਅਤੇ ਲਕਸ਼ਦੀਪ ਵਿੱਚ ਕਈ ਥਾਵਾਂ ਉਤੇ ਭਾਰੀ ਬਾਰਿਸ਼ ਹੋਵੇਗੀ। 8, 9, 10, 11, 12, 13 ਅਤੇ 14 ਅਗਸਤ ਨੂੰ ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਛੱਤੀਸਗੜ੍ਹ, ਮੱਧ ਪ੍ਰਦੇਸ਼, ਓਡੀਸ਼ਾ, ਝਾਰਖੰਡ, ਬਿਹਾਰ ਅਤੇ ਵਿਦਰਭ ਦੇ ਕੁਝ ਖੇਤਰਾਂ ਵਿੱਚ ਰੁਕ-ਰੁਕ ਕੇ ਭਾਰੀ ਬਾਰਿਸ਼ ਹੋਵੇਗੀ, ਜਦੋਂ ਕਿ ਕੁਝ ਖੇਤਰਾਂ ਵਿੱਚ ਹਲਕਾ ਮੀਂਹ ਪਵੇਗਾ। ਅਗਲੇ 7 ਦਿਨਾਂ ਲਈ ਅਸਾਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮੇਘਾਲਿਆ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਕੁਝ ਥਾਵਾਂ ‘ਤੇ ਰੁਕ-ਰੁਕ ਕੇ ਭਾਰੀ ਬਾਰਿਸ਼ ਅਤੇ ਕੁਝ ਥਾਵਾਂ ‘ਤੇ ਦਰਮਿਆਨੀ ਬਾਰਿਸ਼ ਦੀ ਚਿਤਾਵਨੀ ਹੈ।
ਮੌਸਮ ਵਿਭਾਗ ਦੇ ਅਲਰਟ ਅਨੁਸਾਰ, ਜਿਨ੍ਹਾਂ ਰਾਜਾਂ ਵਿੱਚ ਅਗਲੇ 7 ਦਿਨਾਂ ਲਈ ਭਾਰੀ ਬਾਰਿਸ਼ ਦੀ ਚਿਤਾਵਨੀ ਹੈ, ਉੱਥੇ ਤੇਜ਼ ਹਵਾਵਾਂ, ਗਰਜ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਇਸ ਸਮੇਂ ਦੌਰਾਨ ਗਰਜ ਦੇ ਨਾਲ ਮੀਂਹ ਪਵੇਗਾ।