ਪੱਛਮੀ ਬੰਗਾਲ ਚੋਣ ਨਤੀਜੇ 2026: ਕਿਸ ਦੇ ਸਿਰ ਸਜੇਗਾ ਸੱਤਾ ਦਾ ਤਾਜ? ਜਾਣੋ ਪਲ ਪਲ ਦੀ Update
West Bengal Election Results 2026: ਪੱਛਮੀ ਬੰਗਾਲ ਵਿੱਚ ਸੱਤਾ ਦੀ ਜੰਗ ਦਾ ਅੱਜ ਫੈਸਲਾ ਹੋਣ ਜਾ ਰਿਹਾ ਹੈ। ਦੋ ਪੜਾਵਾਂ ਵਿੱਚ ਹੋਈ ਵੋਟਿੰਗ ਤੋਂ ਬਾਅਦ, ਅੱਜ ਯਾਨੀ 4 ਮਈ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋ ਰਹੀ ਹੈ। ਚੋਣ ਕਮਿਸ਼ਨ ਵੱਲੋਂ ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਕੁਝ ਹੀ ਸਮੇਂ ਵਿੱਚ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ।
ਦੋ ਪੜਾਵਾਂ ਦੀ ਵੋਟਿੰਗ ਦਾ ਸਫ਼ਰ
ਪੱਛਮੀ ਬੰਗਾਲ ਵਿੱਚ ਚੋਣ ਪ੍ਰਕਿਰਿਆ ਦੋ ਪੜਾਵਾਂ ਵਿੱਚ ਮੁਕੰਮਲ ਹੋਈ ਸੀ। ਪਹਿਲੇ ਪੜਾਅ ਲਈ 23 ਅਪ੍ਰੈਲ ਨੂੰ ਵੋਟਾਂ ਪਾਈਆਂ ਗਈਆਂ ਸਨ, ਜਦੋਂ ਕਿ ਦੂਜੇ ਪੜਾਅ ਦੀ ਵੋਟਿੰਗ 29 ਅਪ੍ਰੈਲ ਨੂੰ ਹੋਈ ਸੀ। ਅੱਜ ਹੋ ਰਹੀ ਗਿਣਤੀ ਇਹ ਤੈਅ ਕਰੇਗੀ ਕਿ ਬੰਗਾਲ ਦੀ ਜਨਤਾ ਨੇ ਅਗਲੇ ਪੰਜ ਸਾਲਾਂ ਲਈ ਕਿਸ ‘ਤੇ ਭਰੋਸਾ ਜਤਾਇਆ ਹੈ।
ਮਮਤਾ ਬੈਨਰਜੀ vs ਭਾਜਪਾ
ਇਸ ਵਾਰ ਦੀਆਂ ਚੋਣਾਂ ਬੇਹੱਦ ਦਿਲਚਸਪ ਰਹੀਆਂ ਹਨ। ਇੱਕ ਪਾਸੇ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੀ ਸੱਤਾ ਬਚਾਉਣ ਅਤੇ ਤੀਜੀ ਵਾਰ ਜਿੱਤ ਦਾ ਪਰਚਮ ਲਹਿਰਾਉਣ ਲਈ ਪੂਰੀ ਵਾਹ ਲਗਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ ਵਾਰ ਰਾਜ ਵਿੱਚ ਸੱਤਾ ਪਰਿਵਰਤਨ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਦੋਵਾਂ ਧਿਰਾਂ ਵਿਚਾਲੇ ਹੋਈ ਸਿੱਧੀ ਅਤੇ ਤਿੱਖੀ ਟੱਕਰ ਨੇ ਇਸ ਚੋਣ ਨੂੰ ਦੇਸ਼ ਦੀ ਸਭ ਤੋਂ ਚਰਚਿਤ ਚੋਣ ਬਣਾ ਦਿੱਤਾ ਹੈ।
ਚੋਣ ਕਮਿਸ਼ਨ ਅਨੁਸਾਰ, ਵੋਟਾਂ ਦੀ ਗਿਣਤੀ ਲਈ ਸਾਰੇ ਪੁਖ਼ਤਾ ਇੰਤਜ਼ਾਮ ਕਰ ਲਏ ਗਏ ਹਨ। ਗਿਣਤੀ ਕੇਂਦਰਾਂ ਦੇ ਬਾਹਰ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਪਾਰਦਰਸ਼ਤਾ ਬਣਾਈ ਰੱਖਣ ਲਈ ਹਰੇਕ ਟੇਬਲ ‘ਤੇ ਸੀਸੀਟੀਵੀ (CCTV) ਨਿਗਰਾਨੀ ਅਤੇ ਮਾਈਕ੍ਰੋ-ਅਬਜ਼ਰਵਰ ਤਾਇਨਾਤ ਕੀਤੇ ਗਏ ਹਨ।