Sunil Jakhar about CM Mann: ਨੀਲ ਗਰਗ ਨੇ ਕਿਹਾ ਕਿ ਸੁਨੀਲ ਜਾਖੜ ਦੀ ਹਾਲਤ ‘ਨਾ ਘਰ ਦੇ, ਨਾ ਘਾਟ ਦੇ’ ਵਾਲੀ ਹੋ ਗਈ ਹੈ।
AAP’s counterattack on Sunil Jakhar’s statement: ਭਾਜਪਾ ਆਗੂ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਦਿੱਤੇ ਬਿਆਨ ‘ਤੇ ਆਮ ਆਦਮੀ ਪਾਰਟੀ (ਆਪ) ਨੇ ਪਲਟਵਾਰ ਕੀਤਾ ਹੈ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਭਗਵੰਤ ਮਾਨ ਦੀ ਚਿੰਤਾ ਛੱਡ ਕੇ ਆਪਣੀ ਚਿੰਤਾ ਕਰਨੀ ਚਾਹੀਦੀ ਹੈ। ਜਿਸਦਾ ਆਪਣਾ ਭਵਿੱਖ ਹਨੇਰੇ ਵਿੱਚ ਹੈ ਉਸਨੂੰ ਦੂਜਿਆਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ।
ਨੀਲ ਗਰਗ ਨੇ ਕਿਹਾ ਕਿ ਸੁਨੀਲ ਜਾਖੜ ਦੀ ਹਾਲਤ ‘ਨਾ ਘਰ ਦੇ, ਨਾ ਘਾਟ ਦੇ’ ਵਾਲੀ ਹੋ ਗਈ ਹੈ। ਭਾਜਪਾ ‘ਚ ਉਨ੍ਹਾਂ ਨੂੰ ਕੋਈ ਪੁਛ ਨਹੀਂ ਰਿਹਾ। ਉਨ੍ਹਾਂ ਨੂੰ ਪਾਰਟੀ ਮੀਟਿੰਗਾਂ ਵਿੱਚ ਵੀ ਨਹੀਂ ਬੁਲਾਇਆ ਜਾਂਦਾ, ਜਿਸ ਕਾਰਨ ਉਹ ਬੇਚੈਨ ਹੋ ਗਏ ਹਨ। ਉਨ੍ਹਾਂ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਨੂੰ ਹੁਣ ਪ੍ਰਵਾਨ ਕਰ ਲਿਆ ਗਿਆ। ਫਿਰ ਉਨ੍ਹਾਂ ਵਲੋਂ ਪਾਰਟੀ ਲੀਡਰਸ਼ਿਪ ਅੱਗੇ ਕਈ ਵਾਰ ਨੱਕ ਰਗੜਨ ਤੋਂ ਬਾਅਦ ਉਨ੍ਹਾਂ ਦਾ ਅਸਤੀਫਾ ਵਾਪਸ ਹੋਇਆ।
ਨੀਲ ਗਰਗ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੇ ਹਨ ਅਤੇ ਵੱਡੇ ਫੈਸਲੇ ਲੈ ਰਹੇ ਹਨ। ਉਹ ਪੰਜਾਬ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਹਰਮਨ ਪਿਆਰੇ ਮੁੱਖ ਮੰਤਰੀ ਹਨ। ਇਸ ਲਈ ਜਾਖੜ ਭਗਵੰਤ ਮਾਨ ਦੀ ਚਿੰਤਾ ਨਾ ਕਰਨ, ਆਪਣੇ ਆਪ ਦੀ ਚਿੰਤਾ ਕਰਨ ਕਿ ਉਨ੍ਹਾਂ ਦੀ ਪਾਰਟੀ ਵਿੱਚ ਕੀ ਸਥਿਤੀ ਬਣਨ ਜਾ ਰਹੀ ਹੈ। ਤਿੰਨ ਕਰੋੜ ਪੰਜਾਬੀ ਭਗਵੰਤ ਮਾਨ ਦੇ ਨਾਲ ਖੜੇ ਹਨ।
ਗਰਗ ਨੇ ਕਿਹਾ ਕਿ ਜਾਖੜ ਭਾਵੇਂ ਜੋ ਮਰਜ਼ੀ ਕਰ ਲੈਣ ਪਰ ਮੁੱਖ ਮੰਤਰੀ ਬਣਨ ਦਾ ਉਨ੍ਹਾਂ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ। ਉਨ੍ਹਾਂ ਦਾ ਇਹ ਸੁਪਨਾ ਨਾ ਤਾਂ ਕਾਂਗਰਸ ਵਿੱਚ ਪੂਰਾ ਹੋਇਆ ਅਤੇ ਨਾ ਹੀ ਭਾਜਪਾ ਵਿੱਚ ਪੂਰਾ ਹੋਣ ਵਾਲਾ ਹੈ। ਉਹ ਕਦੇ ਵੀ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣ ਸਕਦੇ ਭਾਵੇਂ ਉਹ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋ ਜਾਣ।