Pastor Bajinder Singh: ਪਾਦਰੀ ਬਜਿੰਦਰ ਸਿੰਘ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੋਹਾਲੀ ਦੀ ਅਦਾਲਤ ਨੇ ਉਸ ਨੂੰ ਸਜ਼ਾ ਦਿੱਤੀ। ਇਸ ਤੋਂ ਬਾਅਦ ਮੋਹਾਲੀ ਕੋਰਟ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਬਜਿੰਦਰ ਨੂੰ 3 ਦਿਨ ਪਹਿਲਾਂ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਉਸਨੂੰ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਸੀ। ਬਜਿੰਦਰ ‘ਤੇ ਔਰਤ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਲੈ ਜਾਣ ਦਾ ਦੋਸ਼ ਹੈ। ਜਿੱਥੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਵੀਡੀਓ ਬਣਾਈ ਗਈ। ਉਸਨੇ ਉਸਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸਨੇ ਉਸਦਾ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦੇਵੇਗਾ।
ਇਸ ਮਾਮਲੇ ਵਿੱਚ ਪੀੜਤ ਦੇ ਵਕੀਲ ਨੇ ਕਿਹਾ ਕਿ ਬਜਿੰਦਰ ਨੂੰ ਸਜ਼ਾ ਸੁਣਾਉਂਦੇ ਸਮੇਂ ਅਦਾਲਤ ਨੇ ਕਿਹਾ ਕਿ ਉਸਨੂੰ ਆਖਰੀ ਸਾਹ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ।
ਪੀੜਤਾ ਦੇ ਵਕੀਲ ਅਨਿਲ ਕੇ ਸਾਗਰ ਨੇ ਕਿਹਾ “ਅਦਾਲਤ ਨੇ ਪਾਸਟਰ ਬਜਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਪਾਇਆ ਸੀ। ਹੁਣ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।” ਉਨ੍ਹਾਂ ਕਿਹਾ, “ਅਜਿਹੇ ਕਿਸੇ ਵੱਕਾਰੀ ਵਿਅਕਤੀ ਨੂੰ ਇਸ ਤਰ੍ਹਾਂ ਦੀ ਮਿਸਾਲੀ ਸਜ਼ਾ ਦਿੱਤੇ ਜਾਣ ਦਾ ਅਸੀਂ ਸ਼ਲਾਘਾ ਕਰਦੇ ਹਾਂ।”
ਕੌਣ ਹਨ ਪਾਸਟਰ ਬਜਿੰਦਰ ਸਿੰਘ
ਪਾਸਟਰ ਬਜਿੰਦਰ ਦਾ ਸਬੰਧ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਹੈ ਅਤੇ ਉਹ ਜਾਟ ਭਾਈਚਾਰੇ ਨਾਲ ਸਬੰਧਤ ਰੱਖਦੇ ਹਨ। ਉਨ੍ਹਾਂ ਦੀ ਚਰਚ ਦੀਆਂ ਪੂਰੇ ਦੇਸ਼ ਵਿੱਚ 260 ਇਕਾਈਆਂ ਹਨ ਅਤੇ ਸਭ ਤੋਂ ਵੱਡੀ ਬਰਾਂਚ ਮੁਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਵਿੱਚ ਹੈ।
ਪਾਸਟਰ ਬਜਿੰਦਰ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਤਾਜਪੁਰ ਵਿੱਚ ਇੱਕ ਚਰਚ ਚਲਾਉਂਦੇ ਹਨ। ਜਿਸ ਨੂੰ ‘ਗਲੋਰੀ ਆਫ ਵਿਜ਼ਡਮ ਚਰਚ’ ਕਿਹਾ ਜਾਂਦਾ ਹੈ।
ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਜਾਟ ਪਰਿਵਾਰ ਵਿੱਚ ਜੰਮੇ, ਬਜਿੰਦਰ ਸਿੰਘ ਨੇ ਲਗਭਗ 15 ਸਾਲ ਪਹਿਲਾਂ ਇੱਕ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੋਣ ‘ਤੇ ਈਸਾਈ ਧਰਮ ਅਪਣਾ ਲਿਆ ਸੀ।
ਹੋਰ ਕਿਹੜੇ-ਕਿਹੜੇ ਵਿਵਾਦਾਂ ਨਾਲ ਜੁੜੇ ਰਹੇ
ਕੁਝ ਦਿਨ ਪਹਿਲਾਂ ਇੱਕ ਮਹਿਲਾ ਪੀੜਤ ਵੱਲੋਂ ਪਾਸਟਰ ਉੱਤੇ ਜਿਨਸੀ ਛੇੜਛਾੜ ਦਾ ਇਲਜ਼ਾਮ ਲਗਾਇਆ ਗਿਆ ਸੀ। ਇਸ ਮਾਮਲੇ ਵਿੱਚ ਕਪੂਰਥਲਾ ਪੁਲਿਸ ਨੇ ਸਿਟੀ ਥਾਣੇ ਵਿੱਚ ਆਈਪੀਸੀ ਦੀ ਧਾਰਾ 354-ਏ, 354-ਡੀ ਅਤੇ 506 ਤਹਿਤ ਕੇਸ ਦਰਜ ਕੀਤਾ ਹੈ।ਇਸ ਤੋਂ ਬਿਨਾਂ ਪਹਿਲਾਂ ਵੀ ਪਾਸਟਰ ਬਜਿੰਦਰ ਸਿੰਘ ਵਿਵਾਦਾਂ ਵਿੱਚ ਘਿਰੇ ਰਹੇ ਹਨ।
ਸਾਲ 2023 ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਜਲੰਧਰ ਵਿੱਚ ਪਾਸਟਰ ਬਜਿੰਦਰ ਨਾਲ ਸਬੰਧਤ ਟਿਕਾਣਿਆਂ ਉੱਤੇ ਰੇਡ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਪਾਸਟਰ ਬਜਿੰਦਰ ਕਈ ਸਾਲ ਪਹਿਲਾਂ ਕਤਲ ਦੇ ਇੱਕ ਕੇਸ ਵਿੱਚ ਜੇਲ੍ਹ ਵੀ ਗਏ ਸਨ।