ਗੱਲ 1980 -90 ਦੇ ਦੌਰ ਦੀ ਹੈ ਜਦੋਂ ਚਿੱਠੀਆਂ, ਪੋਸਟ ਕਾਰਡਾਂ ਜਾਂ ਬੇਰੰਗ ਚਿੱਠੀਆਂ ਰਾਹੀਂ ਦੁੱਖ ਸੁੱਖ ਸਾਂਝਾ ਕੀਤਾ ਜਾਂਦਾ ਸੀ। ਮੈਂ ਆਪਣੇ ਪਿੰਡ ਰੱਲੇ ਸਕੂਲ ਵਿੱਚ ਪੜ੍ਹਦਿਆਂ ਜਦੋਂ ਛੇਵੀਂ ਸੱਤਵੀਂ ਜਮਾਤ ਤੱਕ ਪਹੁੰਚੀ ਤਾਂ ਆਂਢ ਗੁਆਂਢ ਦੀਆਂ ਚਾਚੀਆਂ ,ਤਾਈਆਂ ਜਾਂ ਬੇਬਿਆਂ ਲਈ ਮੈਂ ਵਧੀਆ ਲਿਖਾਰੀ ਸਾਬਤ ਹੋਈ। ਕਿਉਂਕਿ ਬਚਪਨ ਵਿੱਚ ਮਾਂ ਕੋਲੋਂ ਸਿੱਖਿਆ ਸੀ ਜੋ ਆਪਣੇ ਕੋਲ ਹੈ ਉਹ ਭਰ ਭਰ ਮੁੱਠੀਆਂ ਵੰਡੋ, ਰੱਬ ਹੋਰ ਜਿਆਦਾ ਦਿੰਦੈ। ਤੇ ਦੂਸਰਾ ਮੇਰੀ ਆਪਣੀ ਮਾਂ ਦੀਆਂ ਕੁਝ ਖਾਸ ਸਹੇਲੀਆਂ ਮੇਰੇ ਤੇ ਆਪਣਾ ਬਹੁਤ ਹੱਕ ਸਮਝਦੀਆਂ ਸੀ। ਅਕਸਰ ਹੀ ਸਕੂਲੋਂ ਪੂਰੀ ਛੁੱਟੀ ਹੋਣ ਤੇ ਘਰ ਪਹੁੰਚਣ ਵੇਲੇ ਕੋਈ ਨਾ ਕੋਈ ਗੁਆਂਢਣ ਚਾਚੀ, ਤਾਈ ਜਾਂ ਅੰਬੋ ਹੱਥ ਵਿੱਚ ਸੋਟੀ ਫੜੀ ਆਣ ਪੁੱਛਦੀ,ਕੁੜੇ ਰਾਣੀਏ ਧੀਏ ਆ ਗਈ ਐਂ ਪੜ੍ਹ ਕੇ? ਤੇ ਮੈਂ ਅੱਗੋਂ ਮਨ ਹੀ ਮਨ ਬੁੱਝ ਜਾਂਦੀ ਕਿ ਬੇਬੇ ਨੂੰ ਅੱਜ “ਲਿਖਾਰੀ” ਚਾਹੀਦੈ। ਅੱਗੋਂ ਪੁੱਛਣ ਤੇ ਬੇਬੇ ਨੇ ਆਖਣਾ ਕੁੜੇ ਰਾਣੀਏ ,ਧੀਏ ਮੇਰੀ ਵੱਡੀ ਧੀ ਨੂੰ ਖਤ ਪਾਉਣੈ, ਲਿਖਦੇਂਗੀ ਮੇਰੀ ਬੀਬੀਏ ਧੀਏ? ਇਹ ਸੁਣ ਕੇ ਪੜ੍ਹਨ ਲਿਖਣ ਦੀ ਕਲਾ ਦੇ ਮੁਲ ਦਾ ਅਹਿਸਾਸ ਵੀ ਹੋ ਜਾਂਦਾ ਕਿ ਅੱਖਰ ਗਿਆਨ ਕਿਵੇਂ ਵਖਰਾਉਦਾ ਹੈ। ਇਨਾ ਸੁਣ ਮੈਂ ਝੱਟ ਮਾਣ ਨਾਲ ਕਾਪੀ ਪੈਨ ਫੜ ਕੇ ਲਿਖਣ ਬੈਠ ਜਾਣਾ। ਬੇਬੇ ਨੇ ਉਹੀ ਰਟੇ ਰਟਾਏ ਸ਼ਬਦ ਕੁੜੇ ਧੀਏ, ਰਾਜੀ ਬਾਜੀ ਸੁਖ ਸਾਂਦ ਲਿਖ ਦੀਂ ਤੇ ਫਿਰ ਵੱਡਿਆਂ ਨੂੰ ਸਸਰੀਕਾਲ ਤੇ ਨਿੱਕਿਆਂ ਨੂੰ ਸਿਰ ਪਲੂਸਣਾ ਲਿਖੀਂ। ਫਿਰ ਬੇਬੇ ਨੇ ਬਾਪੂ ਜੀ ਦੀ ਸਿਹਤ ਬਾਰੇ ਫਿਕਰਮੰਦੀ ਜਾਹਰ ਕਰਦਿਆਂ ਲਿਖਵਾਉਣਾ ਬਈ ਜਿਉਂਦੇ ਜੀ ਬਾਪੂ ਜੀ ਦਾ ਮੂੰਹ ਦੇਖ ਜਾਓ ਵੱਡੀ ਉਮਰ ਹੋਣ ਕਰਕੇ ਕੀ ਪਤਾ ਕਦੋਂ ਧੁਰੋਂ ਦਰਗਾਹੋਂ ਆਵਾਜ਼ ਪੈ ਜੇ। ਮੈਂ ਆਪਣੇ ਆਪ ਸ਼ਬਦਾਂ ਨੂੰ ਪਰੋ ਕੇ ਲਿਖਣਾ ਸ਼ੁਰੂ ਕਰਨਾ। ਲਿਖਤੁਮ ਮੁਖਤਿਆਰ ਕੌਰ ਤੇ ਫਿਰ ਰਾਜੀ ਬਾਜੀ ਸੁੱਖ ਸਾਂਦ ਸਭ ਲਿਖ ਕੇ ਬਾਬਾ ਜੀ ਦੀ ਸਿਹਤ ਬਾਰੇ ਚੌਕੰਨਾ ਕਰਨਾ ਅਤੇ ਫਿਰ ਲਿਫਾਫਾ ਮੋੜ ਕੇ ਉਪਰ ਅਡਰੈਸ ਲਿਖਣਾ ਜਿੱਥੇ ਚਿੱਠੀ ਜਾਣੀ ਹੋਵੇ ਅਤੇ ਹੇਠਾਂ ਭੇਜਣ ਵਾਲੇ ਦਾ ਐਡਰੈਸ ਲਿਖਣਾ ਅਤੇ ਬੇਬੇ ਨੂੰ ਕਹਿਣਾ ਬਈ ਪਿੰਡ ਦੇ ਲੈਟਰ ਬਾਕਸ ਵਿੱਚ ਪਾ ਦੇਵੇ।
ਬੇਬੇ ਨੇ ਸੁਨੇਹੇ ਰੂਪੀ ਚਿੱਠੀ ਹੱਥ ਫੜਦਿਆਂ ਮੇਰਾ ਸਿਰ ਪਲੋਸਣਾ ਤੇ ਅਸੀਂਸਾਂ ਦੇ ਢੇਰ ਲਾ ਦੇਣੇ। ਬਾਲ ਉਮਰੇ ਇਹ ਅਸੀਸਾਂ ਦਾ ਖਜਾਨਾ ਮੈਨੂੰ ਹੀਰੇ ਮੋਤੀਆਂ ਤੋਂ ਵੱਧ ਕੀਮਤੀ ਜਾਪਦਾ। ਸਮਾਂ ਆਪਣੀ ਚਾਲ ਚੱਲਦਾ ਰਹਿੰਦੈ।। ਸਮੇਂ ਦੇ ਬੀਤਣ ਨਾਲ ਬਹੁਤ ਸਾਰੇ ਬਦਲਾਅ ਵੀ ਆਉਂਦੇ ਨੇ ਜਿਵੇਂ ਚਿੱਠੀਆਂ ਤੇ ਪੋਸਟ ਕਾਰਡਾਂ ਦੀ ਥਾਂ ਪਹਿਲਾਂ ਲੈਂਡ ਲਾਈਨਾਂ ਵਾਲੇ ਫੋਨਾਂ ਨੇ ਲਈ। ਤਾਂ ਹੀ ਤਾਂ ਸਾਡੇ ਰਾਜ ਗਾਇਕ ਹੰਸਰਾਜ ਜੀ ਨੂੰ ਗਾਉਣਾ ਪਿਆ ਸੀ।
ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ।
ਤੇ ਹੁਣ ਤਾਂ ਹਰ ਇੱਕ ਦੇ ਹੱਥ ਮੋਬਾਈਲ ਫੋਨ ਹੈ ਜਦੋਂ ਜੀ ਚਾਹੇ ਦੂਰ ਦੁਰਾਡੇ ਦੇਸ਼ ਵਿਦੇਸ਼ ਹਾਲਚਾਲ ਪੁੱਛੋ ਤੇ ਦੱਸੋ। ਚਿੱਠੀਆਂ ਤੇ ਪੋਸਟ ਕਾਰਡ ਤਾਂ ਬੀਤੇ ਸਮੇਂ ਦੀ ਗੱਲ ਹੋ ਗਏ। ਨਵੀਂ ਪੀੜੀ ਦੇ ਬੱਚਿਆਂ ਨੂੰ ਤਾਂ ਹੁਣ ਇਹ ਚੀਜ਼ਾਂ ਵੀ ਅਜਾਇਬ ਘਰਾਂ ਵਿੱਚ ਹੀ ਦੇਖਣ ਜਾਣਾ ਪਵੇਗਾ।
ਬਿਨਾਂ ਸ਼ੱਕ ਮੋਬਾਇਲਾਂ ਨੇ ਦੂਰੀਆਂ ਬਹੁਤ ਘਟਾ ਦਿੱਤੀਆਂ ਦੇਸ਼ ਵਿਦੇਸ਼ ਬੈਠੇ ਹੁਣ ਸਭ ਇੱਕ ਦੂਜੇ ਨਾਲ ਵੀਡੀਓ ਕਾਲ ਰਾਹੀਂ ਇੱਕ ਦੂਜੇ ਨੂੰ ਮਿਲ ਕੇ ਗੱਲਬਾਤ ਵੀ ਕਰ ਲੈਂਦੇ ਨੇ। ਇੰਝ ਲੱਗਦੈ ਜਿਵੇਂ ਦੁਨੀਆ ਸੁੰਗੜ ਗਈ ਹੋਵੇ ਤੇ ਨਾਲ ਹੀ ਸਮਾਜਕ ਰਿਸ਼ਤੇ ਵੀ ਸੁੰਗੜ ਗਏ ਹਨ। ਪਿਛਲੇ ਸਮਿਆਂ ਵਿੱਚ ਛੁੱਟੀਆਂ ਹੋਣ ਤੇ ਸਾਰੇ ਭੈਣ ਭਰਾ ਇਕੱਠੇ ਹੋ ਕੇ ਕੁਝ ਦਿਨ ਨਾਲ ਬਿਤਾਉਂਦੇ ਤੇ ਹਰ ਤਰ੍ਹਾਂ ਦੀਆਂ ਮਾਨਸਿਕ ਉਲਝਣਾ ਦਾ ਹੱਲ ਲੱਭ ਲੈਂਦੇ। ਪ੍ਰੰਤੂ ਹੁਣ ਛੁੱਟੀਆਂ ਹੋਣ ਤੇ ਸਭ ਕਹਿੰਦੇ ਹਨ ਚਲੋ ਅੱਜ ਛੁੱਟੀ ਸੀ ਸੋਚਿਆ ਫੋਨ ਕਰਕੇ ਤੁਹਾਡਾ ਹਾਲ ਚਾਲ ਪੁੱਛ ਲਵਾਂ। ਇਹਦੇ ਨਾਲ ਮੋਬਾਇਲ ਕੰਪਨੀਆਂ ਦਾ ਕਾਰੋਬਾਰ ਤਾਂ ਬਹੁਤ ਵਧ ਰਿਹੈ ਤੇ ਰਿਸ਼ਤਿਆਂ ਦਾ ਤਾਣਾ ਬਾਣਾ ਸੁੰਗੜ ਰਿਹੈ। ਹੁਣ ਤਾਂ ਬੇਬੇ ਬਾਪੂਆਂ ਨੂੰ ਵੀ ਸਮਾਰਟ ਫੋਨਾਂ ਨੇ ਸਮਾਰਟ ਵਾਰ ਛੱਡਿਐ। ਬੇਬੇ ਬਾਪੂਆਂ ਨੇ ਵੀ ਯੂਟੀਊਬ, ਫੇਸਬੁੱਕ ਜਾਂ ਵਟਸਐਪ ਵਰਗੇ ਸੋਸ਼ਲ ਮੀਡੀਆ ਨੂੰ ਆਪਣੀ ਇਕੱਲਤਾ ਦਾ ਸਾਥੀ ਬਣਾ ਲਿਐ।
ਅੱਜ ਕੱਲ ਚੁਲ੍ਹੇ ਚੌਂਕੇ ਵਿੱਚ ਬੇਬੇ ਦੇ ਦੁਆਲੇ ਥਾਲੀ ਫੜਕ ਕੇ ਬੈਠਣ ਦਾ ਸਮਾਂ ਵੀ ਬੀਤ ਗਿਆ ਲੱਗਦੈ। ਕੁਝ ਖਾਣ ਦੀ ਇੱਛਾ ਜਾਹਰ ਕਰਨ ਤੇ ਅੱਜ ਕਲ ਦੇ ਬੱਚੇ ਝੱਟ ਕਹਿੰਦੇ ਹਨ ਸਵਿਗੀ, ਜਮੈਟੋ ਜਾਂ ਬਲਿੰਕਇਟ , ਦੱਸੋ ਕਿੱਥੋਂ ਆਰਡਰ ਕਰਨਾ ਹੈ? ਕਿਤੇ ਘਰੋਂ ਬਾਹਰ ਜਾਣਾ ਹੋਵੇ ਤਾਂ ਘਰ ਬੈਠੇ ਗੱਡੀ ਬੁੱਕ ਕਰਵਾ ਸਕਦੇ ਹਾਂ ਇਥੋਂ ਤੱਕ ਕਿ ਦਰਵਾਜੇ ਵਿੱਚੋਂ ਹੀ ਕਾਰ ਲੈਣ ਆ ਜਾਏਗੀ। ਗੱਲ ਮੁਕਾਓ ਘਰ ਤੋਂ ਬਾਹਰ ਪੈਰ ਰੱਖਣ ਦੀ ਲੋੜ ਨਹੀਂ ਬਸ ਜੇਬ ਝਲਦੀ ਹੋਣੀ ਚਾਹੀਦੀ ਹੈ। ਵਿਆਹਾਂ ਸ਼ਾਦੀਆਂ ਦੇ ਵੀ ਤੌਰ ਤਰੀਕੇ ਬਦਲ ਗਏ। ਪੈਲੇਸਾਂ ਦੇ ਵਿਆਹਾਂ ਨੇ ਪੈਲੇਸ ਮਾਲਕਾਂ ਦੀਆਂ ਜੇਬਾਂ ਭਰ ਦਿੱਤੀਆਂ ਨੇ। ਭਾਵੇਂ ਕਿਸੇ ਮਾੜੇ ਭੈਣ ਭਰਾ ਦੀ ਕੋਈ ਆਰਥਿਕ ਤੌਰ ਤੇ ਮਦਦ ਕਰੇ ਜਾਂ ਨਾ ਕਰੇ ਪਰ ਵਿਆਹ ਗੱਜ ਵੱਜ ਕੇ ਪੈਲੇਸ ਵਿੱਚ ਹੀ ਕਰਾਂਗੇ।ਵਿਆਹਾਂ ਵਿੱਚ ਨਾ ਪਤਾ ਚੱਲੇ ਬਰਾਤੀ ਕਿਹੜੇ ਨੇ ਤੇ ਨਾ ਕੁੜੀ ਵਾਲਿਆਂ ਦਾ ਪਤਾ ਚੱਲੇ। ਬਰਾਤ ਆਉਣ ਤੋਂ ਪਹਿਲਾਂ ਹੀ ਸੱਜਣ ਮਿੱਤਰ ਸ਼ਗਨ ਦਾ ਲਿਫਾਫਾ ਫੜਾ ਖਾ ਪੀ ਕੇ ਘਰਾਂ ਨੂੰ ਤੁਰ ਜਾਂਦੇ ਨੇ ਤੇ ਕਈ ਵਾਰੀ ਬਰਾਤ ਦੇ ਆਉਣ ਤੱਕ ਪਰੀਹੇ ਦੁਬਾਰਾ ਭੱਜ ਨਸ ਕਰ ਦੇ ਨਜ਼ਰ ਆਉਂਦੇ ਹਨ। ਇਸ ਦਿਖਾਵੇ ਦੇ ਜਮਾਨੇ ਵਿੱਚ ਜੇ ਕੋਈ ਮੇਰੇ ਵਰਗਾ ਘਰਾਂ ਵਿੱਚ ਵਿਆਹ ਕਰਨ ਦੀ ਗੱਲ ਕਰਦਾ ਹੈ ਤਾਂ ਉਹ ਜਾਂ ਤਾਂ ਆਰਥਿਕ ਪੱਖੋਂ ਮਾੜਾ ਤੇ ਜਾਂ ਕੰਜੂਸ ਸਮਝਿਆ ਜਾਵੇਗਾ।
ਇਹ ਸਭ ਸਮੇਂ ਸਮੇਂ ਦੀਆਂ ਗੱਲਾਂ ਨੇ। ਘਰਾਂ ਵਿੱਚ ਕੜਾਹੀ ਚੜਾ ਕੇ ਆਂਢ ਗੁਆਂਢ ਲੱਡੂ ਵੱਟਣ ਲਈ ਸੱਦਾ ਦੇਣਾ ਬੀਤੇ ਸਮੇਂ ਦੀ ਗੱਲ ਹੋ ਗਿਆ ਜਾਪਦੈ ਜਿਵੇਂ ਸ਼ਬਦ ਲਿਖਤੁਮ ਜਾਂ ਪਰੀਹੇ ਵਿਸਰ ਗਏ ਉਵੇਂ ਹੀ ਹੌਲੀ ਹੌਲੀ ਇਹ ਪੁਰਾਣੀਆਂ ਰਸਮਾਂ ਵੀ ਵਿਸਰ ਜਾਣਗੀਆਂ ਕਿਉਂਕਿ ਬਦਲਾਅ ਹੀ ਜ਼ਿੰਦਗੀ ਹੈ ਤੇ ਬਦਲਾਅ ਹੀ ਟੈਕਨਾਲੋਜੀ ਦਾ ਦੂਜਾ ਰੂਪ। ਜਿਵੇਂ ਇੱਕ ਥਾਂ ਤੇ ਖੜਾ ਪਾਣੀ ਸੜਾਂਦ ਮਾਰਦੈ ਤੇ ਵਗਦੇ ਪਾਣੀਆਂ ਵਿੱਚ ਜਲੀ ਜੀਵ ਕਰਦੇ ਨੇ ਖੜ ਮਸਤੀਆਂ ਉਸੇ ਤਰ੍ਹਾਂ ਮੇਰੇ ਵਰਗੇ ਪੁਰਾਣੀ ਪੀੜੀ ਵਾਲਿਆਂ ਨੂੰ ਵੀ ਸਮੇਂ ਦੀ ਚਾਲ ਦੇ ਨਾਲ ਚੱਲਣਾ ਹੀ ਪਵੇਗਾ ਭਾਵੇਂ ਕਦੀ ਕਦਾਈ ਪੁਰਾਣੀਆਂ ਯਾਦਾਂ ਮਨ ਵਿੱਚੋਂ ਫੁਹਾਰੇ ਦੀ ਤਰ੍ਹਾ ਆਪ ਮੁਹਾਰੇ ਹੀ ਫੁੱਟ ਪੈਂਦੀਆਂ ਨੇ। ਤੇ ਮਨ ਅਤੀਤ ਵਿੱਚ ਪਹੁੰਚ ਕੇ ਤਰੋਤਾਜਾ ਮਹਿਸੂਸ ਕਰਦਾ ਹੈ। ਪਰ ਨਵਿਆਂ ਦੇ ਨਾਲ ਚੱਲਣ ਵਿੱਚ ਹੀ ਭਲਾਈ ਹੈ।
ਪਿੱਪਲ ਦਿਆ ਪੱਤਿਆ
ਕਿਉਂ ਖੜ ਖੜ ਲਾਈ ਐ।
ਪੱਤ ਝੜੇ ਪੁਰਾਣੇ
ਵੇ ਰੁੱਤ ਨਵਿਆਂ ਦੀ ਆਈ ਐ।
ਤਿਵਾੜੀ ਮਨਜੀਤ।