Moga Youth Climbing on Tower News: ਅੱਜ ਮੋਗਾ ਦੇ ਕੋਟਕਪੂਰਾ ਬਾਈਪਾਸ ‘ਤੇ ਉਸ ਸਮੇਂ ਵੱਡਾ ਹੰਗਾਮਾ ਹੋਇਆ, ਜਦੋਂ ਸੁਖਵਿੰਦਰ ਸਿੰਘ ਨਾਮ ਦਾ ਇੱਕ ਨੌਜਵਾਨ ਹਾਈਵੋਲਟੇਜ 66 ਕੇਵੀ ਬਿਜਲੀ ਤਾਰਾਂ ਵਾਲੇ ਖੰਭੇ ‘ਤੇ ਚੜ੍ਹ ਗਿਆ ਅਤੇ ਆਪਣੇ ਛੋਟੇ ਭਰਾ ਲਈ ਇਨਸਾਫ਼ ਦੀ ਮੰਗ ਕਰਨ ਲੱਗਾ। ਪਤਾ ਲੱਗਣ ‘ਤੇ ਪੁਲਿਸ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਉਪਰੰਤ ਜਿਵੇਂ-ਤਿਵੇਂ ਕਰਕੇ ਨੌਜਵਾਨ ਨੂੰ ਹੇਠਾਂ ਉਤਾਰਿਆ ਗਿਆ।
ਛੋਟੇ ਭਰਾ ਨੂੰ ਇਨਸਾਫ਼ ਲਈ ਚੁੱਕਿਆ ਖੌਫਨਾਕ ਕਦਮ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬਾਈਪਾਸ ‘ਤੇ ਇੱਕ ਘਰ ਵਿੱਚ ਚੋਰੀ ਹੋਈ ਸੀ ਅਤੇ ਜਦੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਮੰਗਲਵਾਰ 5 ਅਗਸਤ ਨੂੰ ਪੁਲਿਸ ਨੇ ਚੋਰੀ ਦੇ ਮਾਮਲੇ ਦੀ ਜਾਂਚ ਲਈ ਸੁਖਵਿੰਦਰ ਸਿੰਘ ਦੇ ਛੋਟੇ ਭਰਾ ਬਬਲੂ ਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਪਰਿਵਾਰ ਨੇ ਕਿਹਾ ਕਿ ਬਬਲੂ ਦੀ ਚੋਰੀ ਵਿੱਚ ਕੋਈ ਭੂਮਿਕਾ ਨਹੀਂ ਸੀ ਅਤੇ ਨਾ ਹੀ ਉਹ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦਿੱਤਾ। ਪੁਲਿਸ ਨੇ ਉਸਨੂੰ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਲਿਆ ਅਤੇ ਕੁੱਟਮਾਰ ਵੀ ਕੀਤੀ।
ਪਰਿਵਾਰ ਨੇ ਐਸਐਸਪੀ ਨੂੰ ਵੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਨੇ ਕੇਸ ਵੀ ਦਰਜ ਨਹੀਂ ਕੀਤਾ ਅਤੇ ਉਸਨੂੰ ਗੈਰ-ਕਾਨੂੰਨੀ ਤੌਰ ‘ਤੇ ਰੱਖਿਆ। ਪੁਲਿਸ ਅਤੇ ਜਿਨ੍ਹਾਂ ਲੋਕਾਂ ਦੇ ਘਰ ਚੋਰੀ ਹੋਈ ਸੀ, ਉਨ੍ਹਾਂ ਨੇ ਪੈਸੇ ਦੀ ਮੰਗ ਕੀਤੀ। ਜਦੋਂ ਪਰਿਵਾਰ ਨੂੰ ਕਿਤੇ ਤੋਂ ਇਨਸਾਫ਼ ਮਿਲਦਾ ਵਿਖਾਈ ਨਹੀਂ ਦਿੱਤਾ, ਤਾਂ ਇਨਸਾਫ਼ ਪ੍ਰਾਪਤ ਕਰਨ ਲਈ ਬਬਲੂ ਦਾ ਵੱਡਾ ਭਰਾ ਸੁਖਵਿੰਦਰ 70 ਫੁੱਟ ਉੱਚੇ 66 ਕੇਵੀ ਬਿਜਲੀ ਦੇ ਖੰਭੇ ‘ਤੇ ਚੜ੍ਹ ਗਿਆ।
ਪੁਲਿਸ ਨੇ ਰਿਹਾਅ ਕੀਤਾ ਭਰਾ, ਹੇਠਾਂ ਉਤਾਰਿਆ ਨੌਜਵਾਨ
ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਬੁਲਾਇਆ। ਇਸ ਦੌਰਾਨ ਟੀ-ਰੋਡ ‘ਤੇ ਵੱਡੀ ਭੀੜ ਇਕੱਠੀ ਹੋ ਗਈ। ਡੀਐਸਪੀ ਗੁਰਪ੍ਰੀਤ ਸਿੰਘ ਨੇ ਪਹਿਲਾਂ ਸੁਖਵਿੰਦਰ ਦੇ ਭਰਾ ਬਬਲੂ ਨੂੰ ਰਿਹਾਅ ਕਰਵਾਇਆ ਅਤੇ ਫਿਰ ਉਸਦਾ ਬਿਆਨ ਲੈਣ ਤੋਂ ਬਾਅਦ, ਲਗਭਗ ਦੋ ਘੰਟਿਆਂ ਬਾਅਦ ਸੁਖਵਿੰਦਰ ਨੂੰ ਹੇਠਾਂ ਲਿਆਂਦਾ ਗਿਆ ਅਤੇ ਮਾਮਲਾ ਸੁਲਝਾ ਲਿਆ ਗਿਆ।
ਡੀਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬਿਆਨ ਦਰਜ ਕਰ ਲਏ ਗਏ ਹਨ ਅਤੇ ਜੋ ਵੀ ਮੁਲਜ਼ਮ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਨੌਜਵਾਨ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ ਹੈ।