Punjab News; ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਦੇਵੀਦਾਸਪੁਰਾ ਵਿੱਚ ਅੱਜ ਇੱਕ ਦੁਖਦਾਈ ਘਟਨਾ ਵਾਪਰੀ ਜਿੱਥੇ ਕਰੰਟ ਲੱਗਣ ਨਾਲ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਚਾਣ ਇੱਕ ਅੱਲਾ ਰਾਖਾ ਨਾਮ ਤੇ ਉਭਰਦੇ ਹੋਏ ਵਾਲੀਬਾਲ ਖਿਡਾਰੀ ਵਜੋਂ ਹੋਈ ਹੈ।ਪਰਿਵਾਰਕ ਮੈਂਬਰਾਂ ਅਨੁਸਾਰ, ਨੌਜਵਾਨ ਨੂੰ ਤਾਰਾਂ ਨਾਲ ਸੰਪਰਕ ਹੋਣ ਕਾਰਨ ਭਿਆਨਕ ਝਟਕਾ ਲੱਗਿਆ ਜੋ ਉਸ ਦੀ ਮੌਤ ਦਾ ਕਾਰਣ ਬਣਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸੇ ਪਰਿਵਾਰ ਦਾ ਇੱਕ ਹੋਰ ਬੱਚਾ ਵੀ ਕਰੀਬ 10 ਸਾਲ ਪਹਿਲਾਂ ਐਸੇ ਹੀ ਹਾਦਸੇ ‘ਚ ਆਪਣੀ ਜਾਨ ਗਵਾ ਚੁੱਕਾ ਹੈ। ਇਸ ਮੌਕੇ ਪਰਿਵਾਰ ਵਲੋਂ ਲਗਾਤਾਰ ਬਿਜਲੀ ਵਿਭਾਗ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਕੋਈ ਸੁਣਵਾਈ ਨਹੀਂ ਹੋਈ। ਮ੍ਰਿਤਕ ਦੇ ਪਰਿਵਾਰ ਨੇ ਗੰਭੀਰ ਦੋਸ਼ ਲਗਾਏ ਹਨ ਕਿ ਉਹ 10 ਸਾਲਾਂ ਤੋਂ ਬਿਜਲੀ ਵਿਭਾਗ ਨੂੰ ਲਿਖਤੀ ਰੂਪ ਵਿੱਚ ਤਾਰਾਂ ਹਟਾਉਣ ਲਈ ਕਈ ਵਾਰੀ ਕਹਿ ਚੁੱਕੇ ਹਨ, ਪਰ ਕਿਸੇ ਨੇ ਵੀ ਗੰਭੀਰਤਾ ਨਾਲ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇ ਵਿਭਾਗ ਸਮੇਂ ‘ਤੇ ਕਦਮ ਚੁੱਕਦਾ, ਤਾਂ ਇਹ ਮੌਤ ਨਹੀਂ ਹੁੰਦੀ। ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਅੱਜ ਸਾਡਾ ਜਵਾਨ ਪੁੱਤਰ ਦੁਨਿਆ ਤੋਂ ਚਲਾ ਗਿਆ ਹੈ ਕਿਸੇ ਹੋਰ ਦਾ ਨਾ ਜਾਵੇ ਇਸ ਕਰਕੇ ਅਸੀਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਇਹ ਤਾਰਾਂ ਨੂੰ ਹਟਾਇਆ ਜਾਵੇ ਤਾਂ ਕਈ ਹੋਰ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ।
ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਘਟਨਾ ‘ਤੇ ਅਫ਼ਸੋਸ ਜਤਾਉਂਦੇ ਹੋਏ ਕਿਹਾ ਕਿ ਇਹ ਤਾਰਾਂ ਪਹਿਲਾਂ ਤੋਂ ਲੱਗੀਆਂ ਹੋਈਆਂ ਹਨ, ਜਦ ਮਕਾਨ ਨਹੀਂ ਸੀ। ਮਕਾਨ ਬਾਅਦ ਵਿੱਚ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਤਾਰਾਂ ਨੂੰ ਹਟਾਉਣ ਲਈ ਇੱਕ ਐਸਟੀਮੇਟ ਬਣਾਇਆ ਗਿਆ ਸੀ, ਪਰ ਉਸਦੇ ਪੈਸੇ ਜਮਾ ਨਹੀਂ ਹੋਏ, ਜਿਸ ਕਰਕੇ ਤਾਰ ਹਟਾਏ ਨਹੀਂ ਜਾ ਸਕੇ।
ਇਸ ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਨੌਜਵਾਨ ਦੇ ਅਚਾਨਕ ਕਰੰਟ ਲੱਗਣ ਨਾਲ ਮੌਤ ਹੋਣ ਨਾਲ ਸਾਰਾ ਪਿੰਡ ਗਮਗੀਨ ਹੈ। ਪਿੰਡ ਦੇ ਨਿਵਾਸੀਆਂ ਨੇ ਵੀ ਵਿਭਾਗ ਵਿਰੁੱਧ ਨਾਰਾਜਗੀ ਜਤਾਈ ਅਤੇ ਮਾਮਲੇ ਦੀ ਨਿਸ਼ਪੱਖ ਜਾਂਚ ਦੀ ਮੰਗ ਕੀਤੀ ਹੈ।