Punjab Roadways and PRTC New Buses: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਨਵੀਆਂ ਬੱਸਾਂ ਪਾਉਣ ਦੀ ਕਾਰਵਾਈ ਵਿਚ ਤੇਜ਼ੀ ਲਿਆਂਦੀ ਜਾਵੇ। ਜ਼ਿਕਰਯੋਗ ਹੈ ਕਿ ਪਨਬੱਸ ਦੇ ਬੇੜੇ ‘ਚ 606 ਅਤੇ ਪੀਆਰਟੀਸੀ ‘ਚ 656 ਸਮੇਤ 100 ਮਿੰਨੀ ਬੱਸਾਂ ਦੇ ਕੁੱਲ 1262 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ।
ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਅਧਿਕਾਰੀਆਂ ਨਾਲ ਨਵੀਂਆਂ ਬੱਸਾਂ ਦੀ ਖਰੀਦ ਸਬੰਧੀ ਚਲ ਰਹੀ ਕਾਰਵਾਈ ਦਾ ਮੁਲਾਂਕਣ ਕਰਨ ਰੱਖੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਰਕਾਰੀ ਬੱਸ ਸੇਵਾ ਮੁੱਹਈਆ ਕਰਵਾਉਣ ਦੀ ਦਿਸ਼ਾ ਵਿਚ ਕੀਤੇ ਗਏ ਕੰਮ ਸਦਕਾ ਸੂਬੇ ਦੇ ਲੋਕਾਂ ਦਾ ਸਰਕਾਰੀ ਬੱਸ ਸੇਵਾ ਵਿਚ ਮੁੜ ਭਰੋਸਾ ਬਹਾਲ ਹੋਇਆ ਹੈ ਜਿਸ ਸਦਕਾ ਸਰਕਾਰੀ ਬੱਸਾਂ ਦੀ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਆਮਦਨ ਵਿੱਚ ਵਾਧਾ ਦਰਜ ਹੋਇਆ ਹੈ।
ਭੁੱਲਰ ਨੇ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਹਿਲਾਂ ਤੋਂ ਚੱਲ ਰਹੀਆਂ ਬੱਸਾਂ ਕੰਡਮ ਹੋਣ ਤੋਂ ਪਹਿਲਾਂ ਨਵੀਆਂ ਬੱਸਾਂ ਦੀ ਖਰੀਦ ਸਬੰਧੀ ਚਲ ਰਹੀ ਕਾਰਵਾਈ ਮੁਕੰਮਲ ਕਰ ਲਈ ਜਾਵੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।