ਚੰਡੀਗੜ੍ਹ ਨਗਰ ਨਿਗਮ ਦੀ ਅੱਜ ਅਹਿਮ ਮੀਟਿੰਗ, ਕਈ ਮੁੱਦਿਆਂ ‘ਤੇ ਹੰਗਾਮੇ ਦੇ ਆਸਾਰ
Chandigarh Municipal Corporation meeting: ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੀ ਆਮ ਮੀਟਿੰਗ ਅੱਜ 31 ਜੁਲਾਈ ਨੂੰ ਹੋਵੇਗੀ, ਜਿਸ ਵਿੱਚ ਸ਼ਹਿਰ ਦੇ ਵਿਕਾਸ, ਵਿੱਤੀ ਮਾਮਲਿਆਂ ਅਤੇ ਜਨਤਕ ਸਹੂਲਤਾਂ ਨਾਲ ਸਬੰਧਤ ਕਈ ਅਹਿਮ ਏਜੰਡਿਆਂ ‘ਤੇ ਚਰਚਾ ਕਰਕੇ ਫ਼ੈਸਲੇ ਲਏ ਜਾਣਗੇ। ਮੀਟਿੰਗ ਦੇ ਗਰਮਾ-ਗਰਮ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਵਿਕਾਸ ਕਾਰਜਾਂ ਦੇ ਨਾਲ-ਨਾਲ ਰਾਜਨੀਤਿਕ ਮੁੱਦੇ ਵੀ ਸਦਨ ਵਿੱਚ ਹਾਵੀ ਰਹਿ ਸਕਦੇ ਹਨ।
ਮੀਟਿੰਗ ਦੌਰਾਨ ਘੰਟੇਵਾਰ ਪਾਰਕਿੰਗ ਫੀਸ ਲਾਗੂ ਕਰਨ ਦਾ ਪ੍ਰਸਤਾਵ ਇੱਕ ਵਾਰ ਫਿਰ ਸਦਨ ਅੱਗੇ ਰੱਖਿਆ ਜਾ ਸਕਦਾ ਹੈ। ਇਹ ਪ੍ਰਸਤਾਵ ਪਹਿਲਾਂ ਚਰਚਾ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ, ਪਰ ਹੁਣ ਇਸ ‘ਤੇ ਦੁਬਾਰਾ ਵਿਚਾਰ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਪੇਪਰ ਲੀਕ ਮਾਮਲੇ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੇ ਨਗਰ ਨਿਗਮ ਸਦਨ ਅਤੇ ਮੇਅਰ ਨੂੰ ਘੇਰਨ ਦੀ ਤਿਆਰੀ ਵਿੱਚ ਹਨ, ਜਿਸ ਕਾਰਨ ਮੀਟਿੰਗ ਦੌਰਾਨ ਤਿੱਖੀ ਨੋਕ-ਝੋਕ ਦੇ ਆਸਾਰ ਹਨ।
ਨਗਰ ਨਿਗਮ ਦੀ ਇਸ ਮੀਟਿੰਗ ਵਿੱਚ ਲਏ ਜਾਣ ਵਾਲੇ ਫ਼ੈਸਲਿਆਂ ਦਾ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਨਾਗਰਿਕ ਸਹੂਲਤਾਂ ‘ਤੇ ਸਿੱਧਾ ਪ੍ਰਭਾਵ ਪੈਣ ਦੀ ਉਮੀਦ ਹੈ। ਇਸ ਲਈ ਇਸ ਮੀਟਿੰਗ ‘ਤੇ ਨਾ ਸਿਰਫ਼ ਕੌਂਸਲਰਾਂ, ਸਗੋਂ ਸ਼ਹਿਰ ਵਾਸੀਆਂ ਦੀ ਵੀ ਨਜ਼ਰ ਟਿਕੀ ਹੋਈ ਹੈ।