ਪ੍ਰਧਾਨ ਮੰਤਰੀ ਮੋਦੀ ਦੇ GEN-Z ਦੇ ਨਾਮ ਫੇਰ ਜਾਰੀ ਕੀਤਾ ਵੀਡੀਓ ਸੰਦੇਸ਼, ਪੜ੍ਹੋ ਕੀ ਕਿਹਾ ?
- ਪ੍ਰਧਾਨ ਮੰਤਰੀ ਮੋਦੀ ਨੇ ਸਾਂਝਾ ਕੀਤਾ ਭਾਵੁਕ ਵੀਡੀਓ ਸੁਨੇਹਾ, ‘ਬੱਚਿਆਂ ਨੂੰ ਮਾਫ਼ ਕਰਨਾ ਚਾਹੁੰਦਾ ਹਾਂ, ਆਓ ਮਿਲ ਕੇ ਦੇਸ਼ ਨੂੰ ਅੱਗੇ ਵਧਾਈਏ’
PM Modi video message to GEN-Z: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸੁਨੇਹਾ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਜੰਤਰ-ਮੰਤਰ ਵਿਖੇ ਹੋਏ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਆਪਣੇ ਅਤੇ ਆਪਣੀ ਸਵਰਗੀ ਮਾਤਾ ਖ਼ਿਲਾਫ਼ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਜ਼ਿਕਰ ਕਰਦਿਆਂ ਬੱਚਿਆਂ ਨੂੰ ਮਾਫ਼ ਕਰਨ ਦੀ ਗੱਲ ਕਹੀ। ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਅਤੇ ਦੁਨੀਆ ਨੇ ਜੰਤਰ-ਮੰਤਰ ‘ਤੇ ਜੋ ਕੁਝ ਹੋਇਆ, ਉਹ ਦੇਖਿਆ। ਕੁਝ ਸ਼ਰਾਰਤੀ ਬੱਚਿਆਂ ਨੇ ਮੇਰੇ ਅਤੇ ਮੇਰੀ ਸਵਰਗੀ ਮਾਂ ਖ਼ਿਲਾਫ਼ ਅਜਿਹੀ ਭਾਸ਼ਾ ਵਰਤੀ ਜੋ ਕਿਸੇ ਵੀ ਸੱਭਿਅਕ ਸਮਾਜ ਲਈ ਢੁਕਵੀਂ ਨਹੀਂ ਹੈ। ਪਰ ਬਚਪਨ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਸੁਧਾਰਨ ਦਾ ਮੌਕਾ ਵੀ ਮਿਲਣਾ ਚਾਹੀਦਾ ਹੈ।”
ਉਨ੍ਹਾਂ ਕਿਹਾ ਕਿ ਸਮਾਜ ਵਿੱਚ ਇਸ ਘਟਨਾ ਨੂੰ ਲੈ ਕੇ ਗੁੱਸਾ ਸੁਭਾਵਿਕ ਹੈ, ਪਰ ਬੱਚਿਆਂ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਨੂੰ ਸਹੀ ਰਾਹ ਦਿਖਾਉਣ ਦੀ ਲੋੜ ਹੈ। “ਇਹ ਗੁੰਮਰਾਹ ਹੋਏ ਬੱਚੇ ਹਨ। ਉਨ੍ਹਾਂ ਨੂੰ ਸਹੀ ਰਸਤਾ ਦਿਖਾਉਣਾ ਸਾਡੀ ਜ਼ਿੰਮੇਵਾਰੀ ਹੈ। ਮੈਂ ਉਨ੍ਹਾਂ ਨੂੰ ਮਾਫ਼ ਕਰਨਾ ਚਾਹੁੰਦਾ ਹਾਂ।”
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਬੱਚੇ ਵੀ ਸਾਡੇ ਆਪਣੇ ਹਨ ਅਤੇ ਉਨ੍ਹਾਂ ਨੂੰ ਪਿਆਰ ਅਤੇ ਸਹੀ ਸਿੱਖਿਆ ਦੇ ਕੇ ਹੀ ਸਮਾਜ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ, “ਬੱਚਿਓ, ਆਓ ਮਿਲ ਕੇ ਦੇਸ਼ ਲਈ ਅੱਗੇ ਵਧੀਏ। ਗਲਤੀਆਂ ਤੋਂ ਸਿੱਖੋ, ਕੁਝ ਨਵਾਂ ਸਿੱਖੋ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ।”
ਉਨ੍ਹਾਂ ਕਿਹਾ ਕਿ ਦੇਸ਼ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਉਹ ਚਾਹੁੰਦੇ ਹਨ ਕਿ ਹਰ ਨੌਜਵਾਨ ਵੀ ਇਸ ਤਰੱਕੀ ਦਾ ਹਿੱਸਾ ਬਣੇ। ਉਨ੍ਹਾਂ ਨੇ ਕਿਹਾ, “ਮੈਂ ਤੁਹਾਡੇ ਉੱਜਵਲ ਭਵਿੱਖ ਲਈ ਲਗਾਤਾਰ ਮਿਹਨਤ ਕਰ ਰਿਹਾ ਹਾਂ। ਆਓ, ਮਿਲ ਕੇ ਦੇਸ਼ ਨੂੰ ਹੋਰ ਅੱਗੇ ਲੈ ਕੇ ਚੱਲੀਏ।”
