ਦਿੱਲੀ-ਕਟੜਾ ਐਕਸਪ੍ਰੈਸਵੇ ‘ਤੇ ਭਿਆਨਕ ਹਾਦਸਾ, ਪਿਕਅੱਪ ਚਾਲਕ ਦੀ ਮੌਤ
ਕਟੜਾ ਐਕਸਪ੍ਰੈਸ ਹਾਈਵੇ ‘ਤੇ ਠਰੂਆ ਪਿੰਡ ਨੇੜੇ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਪਿਕਅੱਪ ਜੀਪ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਅਮਨਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਦੇ ਬਿਆਨਾਂ ਦੇ ਆਧਾਰ ‘ਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਓ:ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 1 ਵਜੇ ਪਾਤੜਾ ਪੁਲਿਸ ਨੂੰ ਠਰੂਆ ਪਿੰਡ ਨੇੜੇ ਦਿੱਲੀ-ਕਟੜਾ ਐਕਸਪ੍ਰੈਸ ਹਾਈਵੇ ‘ਤੇ ਪਿਕਅੱਪ ਜੀਪ ਅਤੇ ਕੈਂਟਰ ਦੀ ਟੱਕਰ ਦੀ ਸੂਚਨਾ ਮਿਲੀ। ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਪਤਾ ਲੱਗਾ ਕਿ ਪਿਕਅੱਪ ਜੀਪ ਚਾਲਕ ਅਮਨਦੀਪ ਸਿੰਘ, ਜੋ ਮੋਗਾ ਜ਼ਿਲ੍ਹੇ ਤੋਂ ਮਾਲ ਲੈ ਕੇ ਦਿੱਲੀ ਵੱਲ ਜਾ ਰਿਹਾ ਸੀ, ਟੋਲ ਪਲਾਜ਼ਾ ਨੇੜੇ ਸੜਕ ‘ਤੇ ਖੜ੍ਹੇ ਕੈਂਟਰ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਨੇ ਮ੍ਰਿਤਕ ਦੇ ਮਾਸੜ ਦੇ ਬਿਆਨਾਂ ਦੇ ਆਧਾਰ ‘ਤੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਗਿਆ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਜਾਰੀ ਹੈ, ਜਦਕਿ ਕੈਂਟਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
