ਭੁਪੇਸ਼ ਬਘੇਲ ਅੱਜ ਮੋਗਾ ਤੇ ਫਰੀਦਕੋਟ ਦੌਰੇ ‘ਤੇ, ਫੇਰ ਚੰਨੀ ਸਮਰਥਕਾਂ ਦੇ ਵਿਰੋਧ ਦਾ ਡਰ !
Bhupesh Baghel Moga-Faridkot visit: ਮੋਗਾ: ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 5 ਅਗਸਤ ਨੂੰ ਮੋਗਾ ਦੌਰੇ ‘ਤੇ ਰਹਿਣਗੇ। ਦੋਵੇਂ ਆਗੂ ਦੁਪਹਿਰ ਸਮੇਂ ਮੋਗਾ ਦੇ ਇੱਕ ਨਿੱਜੀ ਪੈਲੇਸ ਵਿੱਚ ਪਹੁੰਚ ਕੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ।
ਮੋਗਾ ਵਿੱਚ ਮੀਟਿੰਗ ਤੋਂ ਬਾਅਦ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਫਰੀਦਕੋਟ ਲਈ ਰਵਾਨਾ ਹੋਣਗੇ, ਜਿੱਥੇ ਉਹ ਕਾਂਗਰਸੀ ਵਰਕਰਾਂ ਨਾਲ ਇਕ ਹੋਰ ਮੀਟਿੰਗ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਰਾਜਨੀਤਿਕ ਗਤੀਵਿਧੀਆਂ ਸਬੰਧੀ ਚਰਚਾ ਕਰਨਗੇ।
ਮੀਟਿੰਗ ਤੋਂ ਪਹਿਲਾਂ ਸਥਾਨਕ ਰਾਜਨੀਤਿਕ ਹਲਕਿਆਂ ਵਿੱਚ ਗਰਮਾਹਟ ਹੈ। ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕ ਸੂਬੇ ਭਰ ਦੇ ਹੋਰ ਜ਼ਿਲ੍ਹਿਆਂ ਵਾਂਗ ਫਰੀਦਕੋਟ ਵਿੱਚ ਵੀ ਵਿਰੋਧ ਪ੍ਰਦਰਸ਼ਨ ਜਾਂ ਨਾਅਰੇਬਾਜ਼ੀ ਕਰ ਸਕਦੇ ਹਨ। ਇਸ ਤੋਂ ਪਹਿਲਾਂ ਜਿੱਥੇ ਵੀ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੀਟਿੰਗ ਕਰਨ ਗਏ ਹਨ, ਉੱਥੇ ਹੀ ਚੰਨੀ ਦੇ ਸਮਰਥਕ ਉਨ੍ਹਾਂ ਦਾ ਵਿਰੋਧ ਕਰਨ ਲਈ ਪਹੁੰਚੇ ਹਨ।
