ਵਿਜ਼ਿਲੈਂਸ ਬਿਊਰੋ ਦੀ ਵੱਡੀ ਕਾਰਵਾਈ, 1 ਲੱਖ ਦੀ ਰਿਸ਼ਵਤ ਲੈਂਦੇ 2 ਪੁਲਿਸ ਮੁਲਾਜ਼ਮ ਕਾਬੂ
Bathinda Vigilance Bureau; ਵਿਜ਼ਿਲੈਂਸ ਬਿਊਰੋ ਮੋਹਾਲੀ ਨੇ ਬਠਿੰਡਾ ਦੇ ਸਾਈਬਰ ਕ੍ਰਾਈਮ ਥਾਣੇ ਵਿੱਚ ਵੱਡੀ ਕਾਰਵਾਈ ਕਰਦਿਆਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ ਹੈ ਕਿ ਇੱਕ ਨੌਜਵਾਨ ਖ਼ਿਲਾਫ਼ ਦਰਜ ਸ਼ਿਕਾਇਤ ਦੇ ਮਾਮਲੇ ਵਿੱਚ ਰਾਹਤ ਦੇਣ ਦੇ ਬਦਲੇ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ।
ਸ਼ਿਕਾਇਤਕਰਤਾ ਅਵਿਨਾਸ ਕੁਮਾਰ ਨੇ ਵਿਜ਼ਿਲੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਬੇਟੇ ਖ਼ਿਲਾਫ਼ ਇੱਕ ਲੜਕੀ ਨਾਲ ਜੁੜੀ ਸ਼ਿਕਾਇਤ ਦਰਜ ਸੀ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਮੁਲਾਜ਼ਮਾਂ ਵੱਲੋਂ ਕੇਸ ਵਿੱਚ ਮਦਦ ਕਰਨ ਦੇ ਬਦਲੇ ਇੱਕ ਲੱਖ ਰੁਪਏ ਦੀ ਮੰਗ ਕੀਤੀ ਗਈ।
ਸ਼ਿਕਾਇਤਕਰਤਾ ਦੇ ਮੁਤਾਬਕ, ਉਸ ਕੋਲ ਰਿਸ਼ਵਤ ਮੰਗਣ ਸਬੰਧੀ ਆਡੀਓ ਰਿਕਾਰਡਿੰਗ ਵੀ ਮੌਜੂਦ ਸੀ, ਜਿਸ ਦੇ ਆਧਾਰ ‘ਤੇ ਉਸ ਨੇ ਵਿਜ਼ਿਲੈਂਸ ਬਿਊਰੋ ਮੋਹਾਲੀ ਨੂੰ ਸ਼ਿਕਾਇਤ ਕੀਤੀ।
ਵਿਜ਼ਿਲੈਂਸ ਟੀਮ ਨੇ ਟ੍ਰੈਪ ਲਗਾ ਕੇ ਕਾਰਵਾਈ ਕੀਤੀ ਅਤੇ ਸਾਈਬਰ ਕ੍ਰਾਈਮ ਥਾਣੇ ਵਿੱਚ ਤਾਇਨਾਤ ਐਸਐਚਓ ਦੇ ਰੀਡਰ ਗੁਰਚਰਨ ਸਿੰਘ ਅਤੇ ਇੱਕ ਹੋਰ ਏਐਸਆਈ ਨੂੰ ਰਿਸ਼ਵਤ ਲੈਂਦੇ ਹੋਏ ਕਾਬੂ ਕਰ ਲਿਆ। ਦੋਵਾਂ ਖ਼ਿਲਾਫ਼ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸ਼ਿਕਾਇਤਕਰਤਾ ਦੀ ਪਤਨੀ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਵਿੱਚ ਐਸਐਚਓ ਦੀ ਭੂਮਿਕਾ ਵੀ ਹੋ ਸਕਦੀ ਹੈ, ਪਰ ਰਿਸ਼ਵਤ ਮੰਗਣ ਸਬੰਧੀ ਸਿੱਧੀ ਆਡੀਓ ਰਿਕਾਰਡਿੰਗ ਨਾ ਹੋਣ ਕਾਰਨ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਜ਼ਿਲੈਂਸ ਬਿਊਰੋ ਹੁਣ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਰਿਸ਼ਵਤਖੋਰੀ ਦੇ ਇਸ ਮਾਮਲੇ ਵਿੱਚ ਹੋਰ ਕੋਈ ਅਧਿਕਾਰੀ ਜਾਂ ਕਰਮਚਾਰੀ ਸ਼ਾਮਲ ਹੈ ਜਾਂ ਨਹੀਂ। ਸ਼ਿਕਾਇਤਕਰਤਾ ਨੇ ਵਿਜ਼ਿਲੈਂਸ ਦੀ ਕਾਰਵਾਈ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ।
