ਜਿਨਸੀ ਸ਼ੋਸ਼ਣ ਮਾਮਲਾ: ਤਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ 10 ਸਾਲ ਦੀ ਸਜ਼ਾ
Tarun Tejpal sentenced to 10 years: ਨਵੀਂ ਦਿੱਲੀ: ਤਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ 2013 ਦੇ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਮਾਮਲੇ ਬੰਬੇ ਹਾਈ ਕੋਰਟ ਦੀ ਗੋਆ ਬੈਂਚ ਨੇ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਅੱਜ ਦੁਪਹਿਰੇ ਬੰਬੇ ਹਾਈ ਕੋਰਟ ਦੀ ਗੋਆ ਬੈਂਚ ਨੇ ਹੇਠਲੀ ਅਦਾਲਤ ਦੇ 2021 ਦੇ ਬਰੀ ਕਰਨ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜਸਟਿਸ ਡਾ. ਨੀਲਾ ਗੋਖਲੇ ਅਤੇ ਜਸਟਿਸ ਅਮਿਤ ਜਾਮਸਾਂਡੇਕਰ ਦੀ ਡਿਵੀਜ਼ਨ ਬੈਂਚ ਨੇ ਗੋਆ ਸਰਕਾਰ ਦੀ ਅਪੀਲ ਮਨਜ਼ੂਰ ਕਰਦੇ ਹੋਏ ਇਹ ਫ਼ੈਸਲਾ ਸੁਣਾਇਆ। ਰਾਜ ਸਰਕਾਰ ਨੇ ਹੇਠਲੀ ਅਦਾਲਤ ਵੱਲੋਂ ਦਿੱਤੇ ਗਏ ਬਰੀ ਕਰਨ ਦੇ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਕੀ ਹੈ ਮਾਮਲਾ ?
ਇਹ ਮਾਮਲਾ ਨਵੰਬਰ 2013 ਦਾ ਹੈ। ਇੱਕ ਸਾਬਕਾ ਜੂਨੀਅਰ ਮਹਿਲਾ ਸਹਿਯੋਗੀ ਨੇ ਦੋਸ਼ ਲਗਾਇਆ ਸੀ ਕਿ ਗੋਆ ਵਿੱਚ ਇੱਕ ਥਿੰਕਫੈਸਟ ਸਮਾਗਮ ਦੌਰਾਨ ਹੋਟਲ ਦੀ ਲਿਫਟ ਵਿੱਚ ਤਰੁਣ ਤੇਜਪਾਲ ਨੇ ਉਸ ਨਾਲ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਕੀਤਾ। ਇਸ ਮਾਮਲੇ ਦੀ ਸੁਣਵਾਈ 2017 ਵਿੱਚ ਮਾਪੁਸਾ ਦੀ ਸੈਸ਼ਨ ਅਦਾਲਤ ਵਿੱਚ ਸ਼ੁਰੂ ਹੋਈ ਸੀ। ਮਈ 2021 ਵਿੱਚ ਹੇਠਲੀ ਅਦਾਲਤ ਨੇ ਤੇਜਪਾਲ ਨੂੰ ਬਰੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਗੋਆ ਸਰਕਾਰ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ।
ਹਾਈ ਕੋਰਟ ਨੇ ਕੀ ਕਿਹਾ ?
ਸੁਣਵਾਈ ਦੌਰਾਨ ਰਾਜ ਸਰਕਾਰ ਦੀ ਪੱਖੋਂ ਭਾਰਤ ਦੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਨੇ ਪੀੜਤਾ ਦੇ ਵਿਵਹਾਰ ਬਾਰੇ ਗਲਤ ਧਾਰਨਾਵਾਂ ਬਣਾਈਆਂ ਅਤੇ ਇਹ ਮੰਨ ਲਿਆ ਕਿ ਜਿਨਸੀ ਹਮਲੇ ਤੋਂ ਬਾਅਦ ਹਰ ਪੀੜਤ ਦਾ ਵਿਵਹਾਰ ਇੱਕੋ ਜਿਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨਸੀ ਹਮਲੇ ਤੋਂ ਬਾਅਦ ਕਿਸੇ ਵਿਅਕਤੀ ਦੀ ਪ੍ਰਤੀਕਿਰਿਆ ਲਈ ਕੋਈ ਨਿਰਧਾਰਤ ਮਾਪਦੰਡ ਨਹੀਂ ਹੋ ਸਕਦਾ, ਕਿਉਂਕਿ ਹਰ ਵਿਅਕਤੀ ਦੀ ਸਥਿਤੀ, ਸ਼ਖਸੀਅਤ ਅਤੇ ਹਾਲਾਤ ਵੱਖਰੇ ਹੁੰਦੇ ਹਨ। ਹਾਈ ਕੋਰਟ ਨੇ ਰਾਜ ਸਰਕਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੇਠਲੀ ਅਦਾਲਤ ਦਾ ਫ਼ੈਸਲਾ ਪਲਟ ਦਿੱਤਾ ਅਤੇ ਤਰੁਣ ਤੇਜਪਾਲ ਨੂੰ ਦੋਸ਼ੀ ਕਰਾਰ ਦਿੱਤਾ।
ਅਦਾਲਤ ਵਿੱਚ ਕੀ ਕਿਹਾ ਤੇਜਪਾਲ ਨੇ ?
ਫ਼ੈਸਲਾ ਸੁਣਾਏ ਜਾਣ ਸਮੇਂ ਤਰੁਣ ਤੇਜਪਾਲ ਅਦਾਲਤ ਵਿੱਚ ਮੌਜੂਦ ਸਨ। ਉਨ੍ਹਾਂ ਨੇ ਅਦਾਲਤ ਨੂੰ ਕਿਹਾ ਕਿ ਉਹ 62 ਸਾਲ ਦੇ ਹਨ ਅਤੇ ਉਨ੍ਹਾਂ ਨਾਲ ਨਰਮੀ ਵਰਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਪੀੜਤ ਹਨ ਅਤੇ ਫ਼ੈਸਲੇ ਖ਼ਿਲਾਫ਼ ਅਗਲੀ ਕਾਨੂੰਨੀ ਅਪੀਲ ਕਰਨਗੇ।
