ਮਹਿਲਾ ਏਸ਼ੀਆ ਕੱਪ 28 ਅਗਸਤ ਤੋਂ, ਪੜ੍ਹੋ ਕਦੋਂ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ
Women Asia Cup: ਨਵੀਂ ਦਿੱਲੀ: ਮਹਿਲਾ ਟੀ-20 ਏਸ਼ੀਆ ਕੱਪ 2026 ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਏਸ਼ਿਆਈ ਕ੍ਰਿਕਟ ਕੌਂਸਲ ਮੁਤਾਬਕ ਅੱਠ ਟੀਮਾਂ ਵਾਲਾ ਇਹ ਟੂਰਨਾਮੈਂਟ 28 ਅਗਸਤ ਤੋਂ 13 ਸਤੰਬਰ ਤੱਕ ਖੇਡਿਆ ਜਾਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਬਹੁਚਰਚਿਤ ਮੁਕਾਬਲਾ 5 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ 28 ਅਗਸਤ ਨੂੰ ਗਰੁੱਪ-ਏ ਵਿੱਚ ਹਾਂਗਕਾਂਗ ਅਤੇ ਥਾਈਲੈਂਡ ਵਿਚਾਲੇ ਖੇਡਿਆ ਜਾਵੇਗਾ। ਗਰੁੱਪ-ਏ ਵਿੱਚ ਭਾਰਤ, ਪਾਕਿਸਤਾਨ, ਥਾਈਲੈਂਡ, ਹਾਂਗਕਾਂਗ ਅਤੇ ਚੀਨ ਨੂੰ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ ਮੌਜੂਦਾ ਚੈਂਪੀਅਨ ਸ੍ਰੀਲੰਕਾ, ਬੰਗਲਾਦੇਸ਼, ਯੂਏਈ ਅਤੇ ਇੰਡੋਨੇਸ਼ੀਆ ਗਰੁੱਪ-ਬੀ ਵਿੱਚ ਹਨ।
ਇਹ ਮਹਿਲਾ ਏਸ਼ੀਆ ਕੱਪ ਦਾ ਛੇਵਾਂ ਟੀ-20 ਐਡੀਸ਼ਨ ਹੋਵੇਗਾ। ਗਰੁੱਪ ਪੜਾਅ ਵਿੱਚ ਟੀਮਾਂ ਸਿੰਗਲ ਰਾਊਂਡ-ਰੌਬਿਨ ਆਧਾਰ ’ਤੇ ਇੱਕ-ਦੂਜੇ ਨਾਲ ਖੇਡਣਗੀਆਂ। ਦੋਵਾਂ ਗਰੁੱਪਾਂ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ। ਪਹਿਲਾ ਸੈਮੀਫਾਈਨਲ 10 ਸਤੰਬਰ ਨੂੰ ਏ-1 ਅਤੇ ਬੀ-2 ਵਿਚਾਲੇ, ਜਦਕਿ ਦੂਜਾ ਸੈਮੀਫਾਈਨਲ 11 ਸਤੰਬਰ ਨੂੰ ਏ-2 ਅਤੇ ਬੀ-1 ਵਿਚਾਲੇ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਫਾਈਨਲ 13 ਸਤੰਬਰ ਨੂੰ ਹੋਵੇਗਾ। ਗਰੁੱਪ-ਬੀ ਵਿੱਚ ਸ੍ਰੀਲੰਕਾ ਆਪਣੀ ਮੁਹਿੰਮ ਦੀ ਸ਼ੁਰੂਆਤ 6 ਸਤੰਬਰ ਨੂੰ ਬੰਗਲਾਦੇਸ਼ ਖ਼ਿਲਾਫ਼ ਕਰੇਗਾ।
ਸ੍ਰੀਲੰਕਾ ਇਸ ਵਾਰ ਡਿਫੈਂਡਿੰਗ ਚੈਂਪੀਅਨ ਵਜੋਂ ਮੈਦਾਨ ਵਿੱਚ ਉਤਰੇਗਾ, ਜਦਕਿ ਬੰਗਲਾਦੇਸ਼ ਨੇ 2018 ਵਿੱਚ ਖ਼ਿਤਾਬ ਜਿੱਤਿਆ ਸੀ। ਭਾਰਤ ਮਹਿਲਾ ਏਸ਼ੀਆ ਕੱਪ ਦੀ ਸਭ ਤੋਂ ਸਫ਼ਲ ਟੀਮ ਹੈ, ਜਿਸ ਨੇ ਹੁਣ ਤੱਕ ਕੁੱਲ ਸੱਤ ਵਾਰ ਟਰਾਫੀ ਜਿੱਤੀ ਹੈ। ਭਾਰਤ ਨੇ ਚਾਰ ਖ਼ਿਤਾਬ ਵਨਡੇ ਫਾਰਮੈਟ ਵਿੱਚ ਅਤੇ ਤਿੰਨ ਟੀ-20 ਫਾਰਮੈਟ ਵਿੱਚ 2012, 2016 ਅਤੇ 2022 ਦੌਰਾਨ ਜਿੱਤੇ ਹਨ।
