ਹਾਈਕੋਰਟ ਨੇ ਪੁਲਿਸ ਮੁਲਾਜ਼ਮ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ, ਪੜ੍ਹੋ ਕੀ ਹੈ ਮਾਮਲਾ ?
High Court refuses to grant bail to Police Officer: ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੰਬਾਲਾ ਵਿੱਚ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾਉਣ ਅਤੇ ਈ-ਰਿਕਸ਼ਾ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਹਰਿਆਣਾ ਪੁਲਿਸ ਦੇ ਕਾਂਸਟੇਬਲ ਅਮਿਤ ਕੁਮਾਰ ਨੂੰ ਨਿਯਮਤ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਹਾਦਸੇ ਵਿੱਚ 25 ਸਾਲਾ ਲੜਕੀ ਦੀ ਮੌਤ ਹੋ ਗਈ ਸੀ। ਜਸਟਿਸ ਵਰਿੰਦਰ ਅਗਰਵਾਲ ਦੀ ਅਗਵਾਈ ਵਾਲੇ ਬੈਂਚ ਨੇ ਮਾਮਲੇ ਦੀ ਸੁਣਵਾਈ ਦੌਰਾਨ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਕਿ ਸ਼ਰਾਬ ਪੀ ਕੇ ਵਾਹਨ ਚਲਾਉਣਾ ਸਮਾਜ ਲਈ ਗੰਭੀਰ ਖ਼ਤਰਾ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਅਦਾਲਤ ਨੇ ਇਹ ਵੀ ਕਿਹਾ ਕਿ ਪੁਲਿਸ ਮੁਲਾਜ਼ਮ ਤੋਂ ਕਾਨੂੰਨ ਦੀ ਪਾਲਣਾ ਕਰਵਾਉਣ ਦੇ ਨਾਲ-ਨਾਲ ਖੁਦ ਵੀ ਜ਼ਿੰਮੇਵਾਰ ਵਿਹਾਰ ਦੀ ਉਮੀਦ ਕੀਤੀ ਜਾਂਦੀ ਹੈ।
ਪੁਲਿਸ ਅਨੁਸਾਰ ਇਹ ਹਾਦਸਾ 11 ਫਰਵਰੀ 2026 ਦੀ ਰਾਤ ਕਰੀਬ 9:10 ਵਜੇ ਵਾਪਰਿਆ। ਹਰਸ਼ ਬਜਾਜ ਅਤੇ ਉਸ ਦੀ ਭੈਣ ਨਿਕਿਤਾ ਬਜਾਜ ਈ-ਰਿਕਸ਼ਾ ਰਾਹੀਂ ਅੰਬਾਲਾ ਛਾਉਣੀ ਤੋਂ ਮਾਡਲ ਟਾਊਨ ਵੱਲ ਜਾ ਰਹੇ ਸਨ। ਇਸ ਦੌਰਾਨ ਪਿੱਛੋਂ ਆਈ ਇੱਕ ਤੇਜ਼ ਰਫ਼ਤਾਰ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਨਿਕਿਤਾ ਸੜਕ ’ਤੇ ਡਿੱਗ ਗਈ ਅਤੇ ਕਥਿਤ ਤੌਰ ’ਤੇ ਕਾਰ ਉਸ ਉੱਪਰੋਂ ਲੰਘ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਦੌਰਾਨ ਕਾਰ ਚਾਲਕ ਦੀ ਪਛਾਣ ਹਰਿਆਣਾ ਪੁਲਿਸ ਦੇ ਕਾਂਸਟੇਬਲ ਅਮਿਤ ਕੁਮਾਰ ਵਜੋਂ ਹੋਈ।
ਇਸਤਗਾਸਾ ਪੱਖ ਨੇ ਦੋਸ਼ ਲਗਾਇਆ ਕਿ ਘਟਨਾ ਸਮੇਂ ਅਮਿਤ ਕੁਮਾਰ ਪੁਲਿਸ ਦੀ ਵਰਦੀ ਵਿੱਚ ਸੀ ਅਤੇ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ। ਹਾਈ ਕੋਰਟ ਨੇ ਕਿਹਾ ਕਿ ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਇਹ ਜਨਤਕ ਸੁਰੱਖਿਆ ਪ੍ਰਤੀ ਗੰਭੀਰ ਲਾਪਰਵਾਹੀ ਦਾ ਮਾਮਲਾ ਹੋਵੇਗਾ। ਹਾਲਾਂਕਿ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਮੁਲਜ਼ਮ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਜ਼ਖਮੀ ਔਰਤ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ। ਇਸ ਦਲੀਲ ਦੇ ਬਾਵਜੂਦ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਨਿਯਮਤ ਜ਼ਮਾਨਤ ਦੀ ਪਟੀਸ਼ਨ ਰੱਦ ਕਰ ਦਿੱਤੀ।
