ਕ੍ਰਿਕਟਰ ਰਿਸ਼ਭ ਪੰਤ ਨੇ ਉਤਰਾਖੰਡ ਦੇ CM ਤੋਂ ਜ਼ਮੀਨ ਖਰੀਦਣ ਲਈ ਮੰਗੀ ਮਦਦ
Cricketer Rishabh Pant: ਉਤਰਾਖੰਡ: ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨੇ ਅੱਧੀ ਰਾਤ ਕਰੀਬ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਆਪਣੇ ਗ੍ਰਹਿ ਰਾਜ ਵਿੱਚ ਜ਼ਮੀਨ ਖਰੀਦਣ ਲਈ ਮਦਦ ਦੀ ਅਪੀਲ ਕੀਤੀ। ਪੰਤ ਦੀ ਇਹ ਪੋਸਟ ਹੁਣ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੰਤ ਨੇ ਕਿਹਾ ਕਿ ਉਹ ਦਿੱਲੀ ਤੋਂ ਆਪਣਾ ਬੇਸ ਉਤਰਾਖੰਡ ਵਿੱਚ ਸ਼ਿਫਟ ਕਰਨਾ ਚਾਹੁੰਦੇ ਹਨ ਅਤੇ ਆਪਣੇ ਰਾਜ ਵਿੱਚ ਇੱਕ ਘਰ ਬਣਾਉਣ ਲਈ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਜ਼ਮੀਨ ਦੀ ਭਾਲ ਕਰ ਰਹੇ ਹਨ, ਪਰ ਉਨ੍ਹਾਂ ਨੂੰ ਅਜੇ ਤੱਕ ਆਪਣੀ ਲੋੜ ਮੁਤਾਬਕ ਜਗ੍ਹਾ ਨਹੀਂ ਮਿਲੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਤਰਾਖੰਡ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਆਪਣੇ ‘ਪਹਾੜੀ ਲੋਕਾਂ’ ਕੋਲ ਵਾਪਸ ਆਉਣਾ ਚਾਹੁੰਦੇ ਹਨ। ਪੰਤ ਨੇ ਇਹ ਵੀ ਕਿਹਾ ਕਿ ਉਹ ਰਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ।
‘ਮੁਫ਼ਤ ਜ਼ਮੀਨ ਨਹੀਂ, ਸਰਕਾਰੀ ਦਰ ’ਤੇ ਖਰੀਦਣਾ ਚਾਹੁੰਦਾ ਹਾਂ’
ਪੰਤ ਨੇ ਆਪਣੀ ਪੋਸਟ ਵਿੱਚ ਸਪੱਸ਼ਟ ਕੀਤਾ ਕਿ ਉਹ ਸਰਕਾਰ ਤੋਂ ਮੁਫ਼ਤ ਜ਼ਮੀਨ ਜਾਂ ਕੋਈ ਤੋਹਫ਼ਾ ਨਹੀਂ ਮੰਗ ਰਹੇ। ਉਨ੍ਹਾਂ ਦੀ ਇੱਛਾ ਹੈ ਕਿ ਸਰਕਾਰ ਤੋਂ ਸਰਕਾਰੀ ਦਰਾਂ ’ਤੇ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਰਾਜ ਦੀ ਨੁਮਾਇੰਦਗੀ ਕਰਨ ਬਦਲੇ ਕੋਈ ਤੋਹਫ਼ਾ ਮਿਲਣਾ ਚੰਗਾ ਹੋਵੇਗਾ, ਪਰ ਉਹ ਇਸ ਦੀ ਬਜਾਏ ਸਰਕਾਰੀ ਦਰ ’ਤੇ ਜ਼ਮੀਨ ਖਰੀਦ ਕੇ ਉਤਰਾਖੰਡ ਵਿੱਚ ਆਪਣਾ ਪਹਿਲਾ ਘਰ ਬਣਾਉਣਾ ਚਾਹੁੰਦੇ ਹਨ। ਪੰਤ ਨੇ ਕਿਹਾ ਕਿ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਸਪੱਸ਼ਟਤਾ ਦੀ ਘਾਟ ਕਾਰਨ ਉਨ੍ਹਾਂ ਲਈ ਇਹ ਪ੍ਰਕਿਰਿਆ ਮੁਸ਼ਕਲ ਬਣੀ ਹੋਈ ਹੈ।
ਉਤਰਾਖੰਡ ’ਚ ਸਭ ਤੋਂ ਵੱਧ ਟੈਕਸ ਦੇਣ ਵਾਲੇ ਖਿਡਾਰੀਆਂ ’ਚ ਸ਼ਾਮਲ
ਰਿਪੋਰਟ ਮੁਤਾਬਕ, ਵਿੱਤੀ ਸਾਲ 2025-26 ਵਿੱਚ ਪੰਤ ਨੇ ਲਗਭਗ ₹23.84 ਕਰੋੜ ਟੈਕਸ ਅਦਾ ਕੀਤਾ। ਇਸ ਤੋਂ ਪਿਛਲੇ ਸਾਲ ਉਨ੍ਹਾਂ ਵੱਲੋਂ ਲਗਭਗ ₹10.5 ਕਰੋੜ ਟੈਕਸ ਦਿੱਤਾ ਗਿਆ ਸੀ। ਇਸ ਦੌਰਾਨ ਪੰਤ ਦੀ IPL ਟੀਮ ਵੀ ਬਦਲ ਚੁੱਕੀ ਹੈ। ਦਿੱਲੀ ਕੈਪੀਟਲਜ਼ ਨੇ IPL 2027 ਤੋਂ ਪਹਿਲਾਂ ਪ੍ਰੀ-ਆਕਸ਼ਨ ਟ੍ਰੇਡ ਵਿੱਚ ਉਨ੍ਹਾਂ ਨੂੰ ਲਖਨਊ ਸੁਪਰ ਜਾਇੰਟਸ ਤੋਂ ਵਾਪਸ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਦਿੱਲੀ ਨੇ ਪੰਤ ਲਈ ₹15 ਕਰੋੜ ਦੀ ਰਕਮ ਦਿੱਤੀ, ਜਦਕਿ ਲਖਨਊ ਨੂੰ ਬਦਲੇ ਵਿੱਚ ਕੁਲਦੀਪ ਯਾਦਵ ਮਿਲੇ।
