ਪੰਜਾਬ ਭਾਜਪਾ ਵਿੱਚ ਵਧ ਰਹੀ ਨਾਰਾਜ਼ਗੀ: ਕੇਵਲ ਢਿੱਲੋਂ ਤੇ ਸ਼੍ਰੀਨਿਵਾਸਲੂ ਨੂੰ ਹਾਈਕਮਾਂਡ ਨੇ ਦਿੱਲੀ ਬੁਲਾਇਆ
BJP High command calls Dhillon and Srinivaslu: ਚੰਡੀਗੜ੍ਹ: ਪੰਜਾਬ ਭਾਜਪਾ ਵਿੱਚ ਨਵੀਂ ਸੂਬਾ ਕਾਰਜਕਾਰਨੀ ਦੇ ਗਠਨ ਤੋਂ ਬਾਅਦ ਪੈਦਾ ਹੋਈ ਅੰਦਰੂਨੀ ਨਾਰਾਜ਼ਗੀ ਦਰਮਿਆਨ ਪਾਰਟੀ ਦੇ ਸੀਨੀਅਰ ਆਗੂ ਨਿਤਿਨ ਨਵੀਨ ਨੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸ਼੍ਰੀਨਿਵਾਸਲੂ ਨੂੰ ਅੱਜ ਤੁਰੰਤ ਦਿੱਲੀ ਬੁਲਾਇਆ ਹੈ। ਦੋਵੇਂ ਆਗੂ ਲੁਧਿਆਣਾ ਵਿੱਚ ਨਵੀਂ ਬਣੀ ਪੰਜਾਬ ਭਾਜਪਾ ਸੂਬਾ ਕਾਰਜਕਾਰਨੀ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਵਿੱਚ ਸ਼ਾਮਲ ਸਨ। ਇਸ ਤੋਂ ਇਲਾਵਾ ਲੁਧਿਆਣਾ ਵਿੱਚ SIR ਸਬੰਧੀ ਇੱਕ ਅਹਿਮ ਮੀਟਿੰਗ ਵੀ ਹੋਣੀ ਸੀ। ਪਰ ਦਿੱਲੀ ਤੋਂ ਨਿਰਦੇਸ਼ ਮਿਲਣ ਮਗਰੋਂ ਕੇਵਲ ਢਿੱਲੋਂ ਅਤੇ ਸ਼੍ਰੀਨਿਵਾਸਲੂ ਮੀਟਿੰਗ ਵਿਚਕਾਰ ਛੱਡ ਕੇ ਤੁਰੰਤ ਦਿੱਲੀ ਲਈ ਰਵਾਨਾ ਹੋ ਗਏ।
ਹਾਲਾਂਕਿ ਦਿੱਲੀ ਵਿੱਚ ਹੋਣ ਵਾਲੀ ਮੀਟਿੰਗ ਦਾ ਅਧਿਕਾਰਤ ਏਜੰਡਾ ਅਜੇ ਸਾਹਮਣੇ ਨਹੀਂ ਆਇਆ, ਪਰ ਸੂਤਰਾਂ ਮੁਤਾਬਕ ਪੰਜਾਬ ਭਾਜਪਾ ਦੀ ਨਵੀਂ ਟੀਮ ਨੂੰ ਲੈ ਕੇ ਪਾਰਟੀ ਅੰਦਰ ਉੱਭਰੀ ਨਾਰਾਜ਼ਗੀ ਅਤੇ ਵਿਰੋਧ ਇਸ ਮੀਟਿੰਗ ਦਾ ਮੁੱਖ ਮੁੱਦਾ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਤੀਕਸ਼ਣ ਸੂਦ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਨਵੀਂ ਟੀਮ ਦੇ ਵਿਰੋਧ ਵਿੱਚ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਜਾਣ ਤੋਂ ਬਾਅਦ ਪਾਰਟੀ ਹਾਈਕਮਾਂਡ ਨੇ ਸਥਿਤੀ ਦਾ ਗੰਭੀਰ ਨੋਟਿਸ ਲਿਆ ਹੈ।
ਇਸ ਦੇ ਨਾਲ ਹੀ ਪਾਰਟੀ ਦੇ ਇੱਕ ਧੜੇ ਦਾ ਮੰਨਣਾ ਹੈ ਕਿ ਇਹ ਬੈਠਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਨੂੰ ਲੈ ਕੇ ਸੂਬੇ ਦੇ ਸੀਨੀਅਰ ਆਗੂਆਂ ਨਾਲ ਕੀਤੀਆਂ ਜਾ ਰਹੀਆਂ ਸ਼ੁਰੂਆਤੀ ਚਰਚਾਵਾਂ ਦੀ ਅਗਲੀ ਕੜੀ ਵੀ ਹੋ ਸਕਦੀ ਹੈ।
