ਦਰਦਨਾਕ ਹਾਦਸਾ ! ਰੱਖੜੀ ਖਰੀਦਣ ਜਾ ਰਹੀ 8 ਸਾਲਾ ਬੱਚੀ ਦੀ ਕਰੰਟ ਲੱਗਣ ਨਾਲ ਮੌਤ
8-year-old girl dies of electrocution: ਮੁੱਲਾਂਪੁਰ: ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਮੁੱਲਾਂਪੁਰ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਆਪਣੇ ਦੋ ਛੋਟੇ ਭਰਾਵਾਂ ਲਈ ਰੱਖੜੀ ਖਰੀਦਣ ਬਾਜ਼ਾਰ ਜਾ ਰਹੀ 8 ਸਾਲਾ ਬੱਚੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੱਚੀ ਆਪਣੇ ਦੋਵੇਂ ਭਰਾਵਾਂ ਲਈ ਰੱਖੜੀ ਖਰੀਦਣ ਲਈ ਘਰੋਂ ਨਿਕਲੀ ਸੀ। ਰਸਤੇ ਵਿੱਚ ਖੁੱਲ੍ਹੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਉਸਨੂੰ ਕਰੰਟ ਲੱਗ ਗਿਆ। ਹਾਦਸੇ ਵਿੱਚ ਉਸਦੀ ਜਾਨ ਚਲੀ ਗਈ।
ਪਰਿਵਾਰਕ ਮੈਂਬਰਾਂ ਮੁਤਾਬਕ ਬੱਚੀ ਹਰ ਸਾਲ ਆਪਣੇ ਦੋ ਛੋਟੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦੀ ਸੀ ਅਤੇ ਇਸ ਵਾਰ ਵੀ ਉਹ ਰੱਖੜੀ ਨੂੰ ਲੈ ਕੇ ਉਤਸ਼ਾਹਿਤ ਸੀ। ਪਰ ਤਿਉਹਾਰ ਤੋਂ ਪਹਿਲਾਂ ਵਾਪਰੇ ਇਸ ਹਾਦਸੇ ਨੇ ਦੋਵੇਂ ਭਰਾਵਾਂ ਅਤੇ ਪੂਰੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।
ਮੁੱਲਾਂਪੁਰ ਬਿਜਲੀ ਬੋਰਡ ਦੇ ਐੱਸਡੀਓ ਯਮਨ ਗੋਇਲ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਬੇਹੱਦ ਦੁਖਦਾਈ ਹਾਦਸਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਪ੍ਰਭਾਵਿਤ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਨਿਯਮਾਂ ਅਨੁਸਾਰ ਹਰ ਸੰਭਵ ਵਿੱਤੀ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਵਿਭਾਗ ਵੱਲੋਂ ਬਿਜਲੀ ਪ੍ਰਣਾਲੀ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
