ਅਮਰੀਕਾ ‘ਚ ਭਾਰਤੀ ਵਿਦਿਆਰਥੀ ‘ਤੇ ਪ੍ਰੇਮਿਕਾ ਦੇ ਕਤਲ ਦਾ ਦੋਸ਼, ਜਰਮਨੀ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ
Indian student accused of murdering in US: ਨਵੀਂ ਦਿੱਲੀ: ਅਮਰੀਕਾ ਦੇ ਐਰੀਜ਼ੋਨਾ ਵਿੱਚ 19 ਸਾਲਾ ਕਾਲਜ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿੱਚ ਉਸਦੇ 20 ਸਾਲਾ ਭਾਰਤੀ ਪ੍ਰੇਮੀ ਵਰੁਣ ਬਚੀਗਰੀ ਨੂੰ ਜਰਮਨੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਉਸ ‘ਤੇ ਪਹਿਲੀ ਡਿਗਰੀ ਦੇ ਕਤਲ ਦਾ ਸ਼ੱਕ ਹੈ। 19 ਸਾਲਾ ਜੂਲੀਸਾ ਰੂਬੀ ਸਾਲਾਜ਼ਾਰ ਟਕਸਨ ਵਿੱਚ ਐਰੀਜ਼ੋਨਾ ਯੂਨੀਵਰਸਿਟੀ ਨੇੜੇ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਮਿਲੀ। ਪੁਲਿਸ ਮੁਤਾਬਕ ਉਸਦੇ ਪਰਿਵਾਰ ਵੱਲੋਂ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਅਪਾਰਟਮੈਂਟ ਵਿੱਚ ਵੈਲਫੇਅਰ ਚੈੱਕ ਕੀਤਾ ਗਿਆ, ਜਿੱਥੇ ਉਹ ਬੇਹੋਸ਼ ਹਾਲਤ ਵਿੱਚ ਮਿਲੀ ਅਤੇ ਉਸਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਸਨ। ਜਾਂਚ ਦੌਰਾਨ ਪੁਲਿਸ ਨੇ ਉਸਦੇ ਬੁਆਏਫ੍ਰੈਂਡ ਵਰੁਣ ਨੂੰ ਮੁੱਖ ਸ਼ੱਕੀ ਵਜੋਂ ਪਛਾਣਿਆ ਗਿਆ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਉਸਨੇ ਕਥਿਤ ਤੌਰ ‘ਤੇ ਸਾਲਾਜ਼ਾਰ ਦਾ ਫੋਨ ਅਤੇ ਕ੍ਰੈਡਿਟ ਕਾਰਡ ਆਪਣੇ ਕਬਜ਼ੇ ਵਿੱਚ ਲਏ ਅਤੇ ਉਸਦੀ ਮਾਂ ਨੂੰ ਵੀ ਸੁਨੇਹੇ ਭੇਜੇ।
ਕਤਲ ਤੋਂ ਬਾਅਦ ਜਰਮਨੀ ਭੱਜਿਆ
ਅਧਿਕਾਰੀਆਂ ਮੁਤਾਬਕ ਘਟਨਾ ਤੋਂ ਬਾਅਦ ਵਰੁਣ ਟਕਸਨ ਇੰਟਰਨੈਸ਼ਨਲ ਏਅਰਪੋਰਟ ਪਹੁੰਚਿਆ ਅਤੇ ਪਹਿਲਾਂ ਹਿਊਸਟਨ ਲਈ ਉਡਾਣ ਲਈ। ਉਥੋਂ ਉਸਨੇ ਜਰਮਨੀ ਦੇ ਬਰਲਿਨ ਲਈ ਫਲਾਈਟ ਲਈ। ਅਮਰੀਕੀ ਪੁਲਿਸ ਅਤੇ ਸੰਘੀ ਏਜੰਸੀਆਂ ਨੇ ਉਸਦੀ ਯਾਤਰਾ ‘ਤੇ ਨਜ਼ਰ ਰੱਖੀ ਅਤੇ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ। ਬਰਲਿਨ ਪਹੁੰਚਣ ‘ਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹ ਅੱਗੇ ਭਾਰਤ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਉਸਨੂੰ ਅਮਰੀਕਾ ਲਿਆਂਦੇ ਜਾਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਉਸਨੂੰ ਪਹਿਲੀ ਡਿਗਰੀ ਕਤਲ ਦੇ ਦੋਸ਼ ਦਾ ਸਾਹਮਣਾ ਕਰਨਾ ਪਵੇਗਾ।
ਪਹਿਲਾਂ ਵੀ ਘਰੇਲੂ ਹਿੰਸਾ ਦਾ ਮਾਮਲਾ
ਰਿਪੋਰਟਾਂ ਮੁਤਾਬਕ ਜੂਲੀਸਾ ਪਹਿਲਾਂ ਹੀ ਵਰੁਣ ਨਾਲ ਰਿਸ਼ਤਾ ਖਤਮ ਕਰਨ ਬਾਰੇ ਸੋਚ ਰਹੀ ਸੀ। ਉਸਨੇ ਕਥਿਤ ਤੌਰ ‘ਤੇ ਸਰੀਰਕ ਸ਼ੋਸ਼ਣ ਅਤੇ ਜਿਨਸੀ ਹਮਲੇ ਦੀਆਂ ਘਟਨਾਵਾਂ ਦਾ ਸਾਹਮਣਾ ਕੀਤਾ ਸੀ। 5 ਅਗਸਤ ਨੂੰ ਉਸਦੇ ਕਮਰੇ ਵਿੱਚੋਂ ਉੱਚੀਆਂ ਚੀਕਾਂ ਸੁਣਾਈ ਦੇਣ ਦੀ ਗੱਲ ਵੀ ਸਾਹਮਣੇ ਆਈ ਹੈ। ਵਰੁਣ ਐਰੀਜ਼ੋਨਾ ਯੂਨੀਵਰਸਿਟੀ ਵਿੱਚ ਬਿਜ਼ਨਸ ਐਨਾਲਿਟਿਕਸ ਦੀ ਪੜ੍ਹਾਈ ਕਰ ਰਿਹਾ ਸੀ, ਪਰ ਹਮਲੇ ਨਾਲ ਜੁੜੇ ਮਾਮਲੇ ਤੋਂ ਬਾਅਦ ਉਸਨੂੰ ਯੂਨੀਵਰਸਿਟੀ ਤੋਂ ਕੱਢ ਦਿੱਤਾ ਗਿਆ ਸੀ। ਉਸਦੇ ਖ਼ਿਲਾਫ਼ ਪੀਮਾ ਕਾਊਂਟੀ ਵਿੱਚ ਪਹਿਲਾਂ ਤੋਂ ਇੱਕ ਅਪਰਾਧਿਕ ਮਾਮਲਾ ਵੀ ਚੱਲ ਰਿਹਾ ਸੀ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਤਲ ਦੇ ਸਹੀ ਕਾਰਨਾਂ ਅਤੇ ਘਟਨਾ ਦੇ ਪੂਰੇ ਕ੍ਰਮ ਬਾਰੇ ਅਧਿਕਾਰੀਆਂ ਵੱਲੋਂ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
