ਪੁਲਿਸ ਮੁਲਾਜ਼ਮਾਂ ’ਤੇ ਟਰਾਂਸਫਾਰਮਰ ਦੀ ਸਵਿਚ ਬੰਦ ਕਰਨ ਦੇ ਦੋਸ਼, CCTV ’ਚ ਕੈਦ ਹੋਈ ਵੀਡੀਓ
Policemen accused of switching off transformer: ਪਟਿਆਲਾ: ਪਟਿਆਲਾ ਦੇ ਪਿੰਡ ਨੌਗਾਵਾਂ ਤੋਂ ਪੁਲਿਸ ਨਾਲ ਜੁੜਿਆ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਝਗੜੇ ਦੀ ਸੂਚਨਾ ’ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਕਥਿਤ ਤੌਰ ’ਤੇ ਗੁੱਸੇ ਵਿੱਚ ਪਿੰਡ ਦੇ ਟਰਾਂਸਫਾਰਮਰ ਦੀ ਸਵਿਚ ਬੰਦ ਕਰ ਦਿੱਤੀ। ਇਸ ਕਾਰਨ ਪੂਰੇ ਪਿੰਡ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ ਅਤੇ ਲੋਕਾਂ ਨੂੰ ਗਰਮੀ ਤੇ ਮੱਛਰਾਂ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪਰਸੋਂ ਰਾਤ ਦਾ ਹੈ। ਪਟਿਆਲਾ ਜ਼ਿਲ੍ਹੇ ਦੀ ਬਲਬੇੜਾ ਪੁਲਿਸ ਚੌਕੀ ਅਧੀਨ ਆਉਂਦੇ ਪਿੰਡ ਨੌਗਾਵਾਂ ਵਿੱਚ ਕਿਸੇ ਵਿਅਕਤੀ ਨੇ ਰੇੜੀਆਂ ਨੂੰ ਲੈ ਕੇ ਹੋ ਰਹੇ ਝਗੜੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਸੂਚਨਾ ਮਿਲਣ ’ਤੇ ਚੌਕੀ ਦੇ ਦੋ ਪੁਲਿਸ ਮੁਲਾਜ਼ਮ ਪਿੰਡ ਵਿੱਚ ਪਹੁੰਚੇ, ਪਰ ਮੌਕੇ ’ਤੇ ਨਾ ਤਾਂ ਸ਼ਿਕਾਇਤਕਰਤਾ ਮਿਲਿਆ ਅਤੇ ਨਾ ਹੀ ਕੋਈ ਝਗੜਾ ਹੋ ਰਿਹਾ ਸੀ। ਪਿੰਡ ਵਾਸੀਆਂ ਮੁਤਾਬਕ ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਪਿੰਡ ਦੇ ਬਿਜਲੀ ਟਰਾਂਸਫਾਰਮਰ ਦੀ ਸਵਿਚ ਬੰਦ ਕਰ ਦਿੱਤੀ। ਇਸ ਕਾਰਨ ਪੂਰੇ ਪਿੰਡ ਦੀ ਬਿਜਲੀ ਸਪਲਾਈ ਬੰਦ ਹੋ ਗਈ। ਸਵੇਰੇ ਜਦੋਂ ਪਿੰਡ ਵਾਸੀਆਂ ਨੇ CCTV ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਕਥਿਤ ਤੌਰ ’ਤੇ ਪੁਲਿਸ ਮੁਲਾਜ਼ਮਾਂ ਵੱਲੋਂ ਟਰਾਂਸਫਾਰਮਰ ਦੀ ਸਵਿਚ ਬੰਦ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ।
ਪੁਲਿਸ ਦਾ ਕੀ ਕਹਿਣਾ ਹੈ ?
ਮਾਮਲੇ ਸਬੰਧੀ ਪਟਿਆਲਾ ਦਿਹਾਤੀ ਦੇ ਡੀਐਸਪੀ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਰੇੜੀ ਵਾਲਿਆਂ ਨੂੰ ਜਾ ਰਹੀ ਬਿਜਲੀ ਸਪਲਾਈ ਬੰਦ ਕਰਨ ਲਈ ਟਰਾਂਸਫਾਰਮਰ ਦੀ ਸਵਿਚ ਬੰਦ ਕਰਕੇ ਆਏ ਸਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਇਸ ਟਰਾਂਸਫਾਰਮਰ ਤੋਂ ਪੂਰੇ ਪਿੰਡ ਨੂੰ ਬਿਜਲੀ ਸਪਲਾਈ ਹੁੰਦੀ ਹੈ।
ਡੀਐਸਪੀ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਸਬੰਧਿਤ ਐਸਐਚਓ ਤੋਂ ਪੂਰੀ ਜਾਣਕਾਰੀ ਲੈ ਰਹੇ ਹਨ। ਜੇਕਰ ਜਾਂਚ ਦੌਰਾਨ ਕੋਈ ਪੁਲਿਸ ਮੁਲਾਜ਼ਮ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ CCTV ਫੁਟੇਜ ਅਤੇ ਪੁਲਿਸ ਦੇ ਬਿਆਨ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਜਾਂਚ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਤੈਅ ਹੁੰਦੀ ਹੈ ਜਾਂ ਨਹੀਂ ਅਤੇ ਉਨ੍ਹਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ।
