ਅੰਮ੍ਰਿਤਸਰ ਵਿੱਚ ਬਣੇਗਾ ਅੰਤਰਰਾਸ਼ਟਰੀ ਪੱਧਰ ਦਾ ਕ੍ਰਿਕਟ ਸਟੇਡੀਅਮ
- ਸਟੇਡੀਅਮ ਨੂੰ 2030 ਤੱਕ ਤਿਆਰ ਕਰਨ ਦਾ ਟੀਚਾ
International cricket stadium in Amritsar: ਅੰਮ੍ਰਿਤਸਰ: ਹੁਣ ਅੰਮ੍ਰਿਤਸਰ ਦੀ ਪਛਾਣ ਸ੍ਰੀ ਦਰਬਾਰ ਸਾਹਿਬ ਅਤੇ ਅਟਾਰੀ ਬਾਰਡਰ ਦੇ ਨਾਲ-ਨਾਲ ਕ੍ਰਿਕਟ ਦੇ ਵੱਡੇ ਕੇਂਦਰ ਵਜੋਂ ਵੀ ਬਣਨ ਜਾ ਰਹੀ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਅੰਮ੍ਰਿਤਸਰ ਦੇ ਭੱਲਾ ਪਿੰਡ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਕ੍ਰਿਕਟ ਸਟੇਡੀਅਮ ਬਣਾਇਆ ਜਾਵੇਗਾ। ਸਟੇਡੀਅਮ ਲਈ ਕਰੀਬ 20 ਤੋਂ 22 ਏਕੜ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ PCA ਵੱਲੋਂ ਜ਼ਮੀਨ ਦਾ ਕਬਜ਼ਾ ਵੀ ਲੈ ਲਿਆ ਗਿਆ ਹੈ। ਹੁਣ ਸਾਈਟ ’ਤੇ ਮੁੱਢਲਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਸਭ ਤੋਂ ਪਹਿਲਾਂ ਬਾਊਂਡਰੀ ਵਾਲ ਅਤੇ ਸਾਈਟ ਡਿਵੈਲਪਮੈਂਟ ਦਾ ਕੰਮ ਕੀਤਾ ਜਾਵੇਗਾ। ਪ੍ਰੋਜੈਕਟ ਨੂੰ 2030 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
30 ਤੋਂ 35 ਹਜ਼ਾਰ ਦਰਸ਼ਕਾਂ ਦੀ ਸਮਰੱਥਾ
ਨਵੇਂ ਸਟੇਡੀਅਮ ਵਿੱਚ ਸ਼ੁਰੂਆਤੀ ਪੜਾਅ ’ਚ ਕਰੀਬ 30 ਤੋਂ 35 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਭਵਿੱਖ ਵਿੱਚ ਇਸ ਨੂੰ 40 ਹਜ਼ਾਰ ਤੋਂ ਵੱਧ ਕੀਤਾ ਜਾ ਸਕੇਗਾ। ਸਟੇਡੀਅਮ ਵਿੱਚ VIP ਬਾਕਸ, ਕਾਰਪੋਰੇਟ ਲਾਊਂਜ, ਕਲੱਬ ਹਾਊਸ, ਖਿਡਾਰੀਆਂ ਲਈ ਅੰਤਰਰਾਸ਼ਟਰੀ ਪੱਧਰ ਦੇ ਡਰੈਸਿੰਗ ਰੂਮ, ਫਿਜ਼ਿਓ ਅਤੇ ਰਿਕਵਰੀ ਸਹੂਲਤਾਂ ਤੋਂ ਇਲਾਵਾ ਹਾਈਟੈੱਕ ਮੀਡੀਆ ਸੈਂਟਰ, ਪਾਰਕਿੰਗ ਅਤੇ ਆਧੁਨਿਕ ਫਲੱਡਲਾਈਟਾਂ ਹੋਣਗੀਆਂ। ਮੀਂਹ ਕਾਰਨ ਮੈਚ ਪ੍ਰਭਾਵਿਤ ਨਾ ਹੋਣ, ਇਸ ਲਈ ਆਧੁਨਿਕ ਡਰੇਨੇਜ ਸਿਸਟਮ ਵੀ ਤਿਆਰ ਕੀਤਾ ਜਾਵੇਗਾ। ਮੁੱਖ ਮੈਦਾਨ ਤੋਂ ਇਲਾਵਾ ਖਿਡਾਰੀਆਂ ਦੀ ਪ੍ਰੈਕਟਿਸ ਲਈ 10 ਤੋਂ 12 ਪ੍ਰੈਕਟਿਸ ਪਿੱਚਾਂ ਬਣਾਉਣ ਦੀ ਯੋਜਨਾ ਹੈ।
ਏਅਰਪੋਰਟ ਦੇ ਨੇੜੇ ਹੋਣ ਦਾ ਵੀ ਮਿਲੇਗਾ ਫਾਇਦਾ
ਭੱਲਾ ਪਿੰਡ ਵਿੱਚ ਬਣਨ ਵਾਲੀ ਇਹ ਸਾਈਟ ਅਜਨਾਲਾ ਰੋਡ ਨੇੜੇ ਹੈ ਅਤੇ ਅੰਮ੍ਰਿਤਸਰ ਏਅਰਪੋਰਟ ਤੋਂ ਕਰੀਬ 10 ਕਿਲੋਮੀਟਰ ਦੂਰ ਦੱਸੀ ਜਾ ਰਹੀ ਹੈ। ਏਅਰਪੋਰਟ ਦੀ ਨੇੜਤਾ ਨੂੰ ਦੇਖਦੇ ਹੋਏ ਫਲੱਡਲਾਈਟਾਂ ਅਤੇ ਹੋਰ ਨਿਰਮਾਣ ਨੂੰ ਹਵਾਈ ਸੁਰੱਖਿਆ ਮਾਪਦੰਡਾਂ ਦੇ ਅਨੁਸਾਰ ਤਿਆਰ ਕੀਤਾ ਜਾਵੇਗਾ। ਜ਼ਮੀਨ ਦਾ ਕਬਜ਼ਾ ਮਿਲਣ ਤੋਂ ਬਾਅਦ ਸਾਈਟ ਸਰਵੇ, ਜਿਓਟੈਕਨੀਕਲ ਜਾਂਚ, ਮਾਸਟਰ ਪਲਾਨ, ਆਰਕੀਟੈਕਚਰਲ ਡਿਜ਼ਾਈਨ ਅਤੇ ਲੋੜੀਂਦੀਆਂ ਮਨਜ਼ੂਰੀਆਂ ਦੀ ਪ੍ਰਕਿਰਿਆ ਹੋਵੇਗੀ। ਇਸ ਤੋਂ ਬਾਅਦ ਬਾਊਂਡਰੀ ਵਾਲ, ਜ਼ਮੀਨ ਦੀ ਲੈਵਲਿੰਗ ਅਤੇ ਸਾਈਟ ਡਿਵੈਲਪਮੈਂਟ ਦਾ ਕੰਮ ਕੀਤਾ ਜਾਵੇਗਾ।
ਇੰਟਰਨੈਸ਼ਨਲ ਮੈਚਾਂ ਦੇ ਨਾਲ IPL ਅਤੇ ਘਰੇਲੂ ਕ੍ਰਿਕਟ ਦੀ ਵੀ ਸੰਭਾਵਨਾ
ਸਟੇਡੀਅਮ ਬਣਨ ਤੋਂ ਬਾਅਦ ਇੱਥੇ ਵਨਡੇ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਦੇ ਨਾਲ IPL ਵਰਗੇ ਵੱਡੇ ਟੂਰਨਾਮੈਂਟ ਕਰਵਾਉਣ ਦੀ ਸੰਭਾਵਨਾ ਹੋਵੇਗੀ। ਪੰਜਾਬ ਦੇ ਘਰੇਲੂ ਮੁਕਾਬਲੇ, ਰਣਜੀ ਟਰਾਫੀ, ਵਿਜੈ ਹਜ਼ਾਰੇ ਟਰਾਫੀ ਅਤੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਮੈਚ ਵੀ ਇੱਥੇ ਕਰਵਾਏ ਜਾ ਸਕਣਗੇ। ਇਸ ਤੋਂ ਇਲਾਵਾ ਖਿਡਾਰੀਆਂ ਦੇ ਟ੍ਰੇਨਿੰਗ ਕੈਂਪ, ਪ੍ਰੈਕਟਿਸ ਸੈਸ਼ਨ ਅਤੇ ਭਵਿੱਖ ਵਿੱਚ ਮਹਿਲਾ ਕ੍ਰਿਕਟ ਦੇ ਵੱਡੇ ਮੁਕਾਬਲੇ ਵੀ ਇੱਥੇ ਕਰਵਾਏ ਜਾਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ ਦੀ ਅਰਥਵਿਵਸਥਾ ਨੂੰ ਮਿਲੇਗਾ ਹੁਲਾਰਾ
ਸਟੇਡੀਅਮ ਬਣਨ ਨਾਲ ਸਿਰਫ਼ ਕ੍ਰਿਕਟ ਨੂੰ ਹੀ ਨਹੀਂ, ਸਗੋਂ ਸਥਾਨਕ ਅਰਥਵਿਵਸਥਾ ਨੂੰ ਵੀ ਫਾਇਦਾ ਮਿਲਣ ਦੀ ਉਮੀਦ ਹੈ। ਵੱਡੇ ਮੈਚਾਂ ਦੌਰਾਨ ਖਿਡਾਰੀ, ਦਰਸ਼ਕ, ਮੀਡੀਆ ਅਤੇ ਕ੍ਰਿਕਟ ਨਾਲ ਜੁੜੇ ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਅੰਮ੍ਰਿਤਸਰ ਪਹੁੰਚਣਗੇ। ਇਸ ਨਾਲ ਹੋਟਲਾਂ, ਰੈਸਟੋਰੈਂਟਾਂ, ਟੈਕਸੀ ਸੇਵਾਵਾਂ ਅਤੇ ਸਥਾਨਕ ਕਾਰੋਬਾਰਾਂ ਨੂੰ ਲਾਭ ਮਿਲ ਸਕਦਾ ਹੈ। ਸ੍ਰੀ ਦਰਬਾਰ ਸਾਹਿਬ ਅਤੇ ਅਟਾਰੀ ਬਾਰਡਰ ਆਉਣ ਵਾਲੇ ਸੈਲਾਨੀਆਂ ਦੇ ਨਾਲ ਕ੍ਰਿਕਟ ਟੂਰਿਜ਼ਮ ਜੁੜਨ ਨਾਲ ਛੋਟੇ ਕਾਰੋਬਾਰਾਂ ਨੂੰ ਵੀ ਨਵਾਂ ਮੌਕਾ ਮਿਲਣ ਦੀ ਉਮੀਦ ਹੈ।
ਅੰਮ੍ਰਿਤਸਰ ਦਾ 90 ਸਾਲ ਪੁਰਾਣਾ ਕ੍ਰਿਕਟ ਕਨੈਕਸ਼ਨ
ਅੰਮ੍ਰਿਤਸਰ ਦਾ ਕ੍ਰਿਕਟ ਨਾਲ ਰਿਸ਼ਤਾ ਕਰੀਬ ਨੌਂ ਦਹਾਕੇ ਪੁਰਾਣਾ ਹੈ। 1933 ਵਿੱਚ ਬਣੇ ਐਲੇਕਜ਼ੈਂਡਰਾ ਗਰਾਊਂਡ, ਜਿਸ ਨੂੰ ਹੁਣ ਗਾਂਧੀ ਸਪੋਰਟਸ ਕੰਪਲੈਕਸ ਗਰਾਊਂਡ ਵਜੋਂ ਜਾਣਿਆ ਜਾਂਦਾ ਹੈ, ਤੋਂ ਸ਼ਹਿਰ ਦੇ ਕ੍ਰਿਕਟ ਸਫ਼ਰ ਨੂੰ ਨਵੀਂ ਪਛਾਣ ਮਿਲੀ। ਇਸ ਮੈਦਾਨ ’ਤੇ ਭਾਰਤ ਨੇ 1982 ਵਿੱਚ ਸ੍ਰੀਲੰਕਾ ਅਤੇ 1995 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਮੁਕਾਬਲੇ ਖੇਡੇ ਅਤੇ ਦੋਵੇਂ ਮੈਚ ਜਿੱਤੇ। ਅੰਮ੍ਰਿਤਸਰ ਨੇ ਮਦਨ ਲਾਲ, ਮੋਹਿੰਦਰ ਅਮਰਨਾਥ, ਨਵਜੋਤ ਸਿੰਘ ਸਿੱਧੂ ਅਤੇ ਅਭਿਸ਼ੇਕ ਸ਼ਰਮਾ ਵਰਗੇ ਕ੍ਰਿਕਟਰ ਵੀ ਭਾਰਤੀ ਕ੍ਰਿਕਟ ਨੂੰ ਦਿੱਤੇ ਹਨ।
ਹੁਣ ਸ਼ਹਿਰ ਦਾ ਕ੍ਰਿਕਟ ਕਨੈਕਸ਼ਨ ਸ਼ੇਰ-ਏ-ਪੰਜਾਬ 120 ਲੀਗ ਦੀ ਟੀਮ ਅੰਮ੍ਰਿਤਸਰ ਸੂਰਮਾਸ ਨਾਲ ਵੀ ਜੁੜ ਚੁੱਕਾ ਹੈ। ਗਾਂਧੀ ਗਰਾਊਂਡ ਤੋਂ ਲੈ ਕੇ ਅੰਮ੍ਰਿਤਸਰ ਸੂਰਮਾਸ ਅਤੇ ਹੁਣ ਭੱਲਾ ਪਿੰਡ ਵਿੱਚ ਬਣਨ ਵਾਲੇ ਨਵੇਂ ਅੰਤਰਰਾਸ਼ਟਰੀ ਸਟੇਡੀਅਮ ਤੱਕ, ਅੰਮ੍ਰਿਤਸਰ ਦਾ ਕ੍ਰਿਕਟ ਸਫ਼ਰ ਇੱਕ ਹੋਰ ਵੱਡੀ ਉਡਾਣ ਭਰਨ ਲਈ ਤਿਆਰ ਹੈ।
