ਜਲੰਧਰ ’ਚ ਵੱਡੀ ਵਾਰਦਾਤ: ਕਾਰੋਬਾਰੀ ਦੀ ਕਾਰ ਨੂੰ ਟੱਕਰ ਮਾਰ ਕੇ 50 ਲੱਖ ਤੋਂ ਵੱਧ ਦੀ ਨਕਦੀ ਲੁੱਟੀ
Businessman loot in Jalandhar: ਜਲੰਧਰ: ਸ਼ਹਿਰ ਵਿੱਚ ਲੁੱਟ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਸੋਮਵਾਰ ਰਾਤ ਸੂਰਿਆ ਐਨਕਲੇਵ ਐਕਸਟੈਂਸ਼ਨ ਨੇੜੇ 120 ਫੁੱਟੀ ਰੋਡ ’ਤੇ ਕਾਰ ਸਵਾਰ 5 ਲੁਟੇਰਿਆਂ ਨੇ ਲੋਹਾ ਵਪਾਰੀ ਲਲਿਤ ਮਿੱਤਲ (60) ਦੀ ਕਾਰ ਨੂੰ ਟੱਕਰ ਮਾਰ ਕੇ ਰੋਕਿਆ ਅਤੇ ਹਮਲਾ ਕਰਕੇ ਨਕਦੀ ਨਾਲ ਭਰਿਆ ਬੈਗ ਲੁੱਟ ਕੇ ਫ਼ਰਾਰ ਹੋ ਗਏ। ਲੁੱਟੀ ਗਈ ਰਕਮ 50 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਲਲਿਤ ਮਿੱਤਲ ਆਪਣੇ ਟਾਂਡਾ ਰੋਡ ਸਥਿਤ ਦਫ਼ਤਰ ਤੋਂ ਘਰ ਵੱਲ ਜਾ ਰਹੇ ਸਨ। ਉਨ੍ਹਾਂ ਨੂੰ ਰਸਤੇ ਵਿੱਚ ਸ਼ੱਕ ਹੋਇਆ ਕਿ ਇੱਕ ਚਿੱਟੇ ਰੰਗ ਦੀ ਕਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ। 120 ਫੁੱਟੀ ਰੋਡ ’ਤੇ ਸਟ੍ਰੀਟ ਲਾਈਟਾਂ ਵੀ ਬੰਦ ਸਨ।
ਵਪਾਰੀ ਨੇ ਦੱਸਿਆ ਕਿ ਪਿੱਛੇ ਆ ਰਹੀ ਕਾਰ ਅਚਾਨਕ ਉਨ੍ਹਾਂ ਦੀ ਗੱਡੀ ਦੇ ਅੱਗੇ ਆ ਗਈ ਅਤੇ ਰੁਕਣ ਦਾ ਇਸ਼ਾਰਾ ਕੀਤਾ। ਉਨ੍ਹਾਂ ਨੇ ਬਚਣ ਲਈ ਕਾਰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਨ੍ਹਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਸ ਤੋਂ ਬਾਅਦ ਲੁਟੇਰਿਆਂ ਨੇ ਕਾਰ ਦੇ ਸ਼ੀਸ਼ੇ ਰਾਡਾਂ ਨਾਲ ਤੋੜ ਦਿੱਤੇ ਅਤੇ ਵਪਾਰੀ ਦੇ ਮੱਥੇ ’ਤੇ ਵੀ ਵਾਰ ਕੀਤਾ। ਹਮਲਾਵਰਾਂ ਨੇ ਕਾਰ ਦੀ ਬਗਲ ਵਾਲੀ ਸੀਟ ਹੇਠਾਂ ਰੱਖਿਆ ਨਕਦੀ ਵਾਲਾ ਬੈਗ ਚੁੱਕਿਆ ਅਤੇ ਆਪਣੀ ਕਾਰ ਵਿੱਚ ਫ਼ਰਾਰ ਹੋ ਗਏ।
ਵਪਾਰੀ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ 4 ਜਾਂ 5 ਦੀ ਗਿਣਤੀ ਵਿੱਚ ਸਨ, ਜਿਨ੍ਹਾਂ ਵਿੱਚੋਂ ਤਿੰਨ ਨੇ ਕਾਰ ਤੋਂ ਬਾਹਰ ਆ ਕੇ ਹਮਲਾ ਕੀਤਾ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ, ਏਸੀਪੀ ਅਮਨਬੀਰ ਸਿੰਘ, ਐਸਐਚਓ ਜਸਪਾਲ ਸਿੰਘ, ਸੀਆਈਏ ਇੰਚਾਰਜ ਸੁਰਿੰਦਰ ਕੁਮਾਰ ਅਤੇ ਸਪੈਸ਼ਲ ਸੈੱਲ ਇੰਚਾਰਜ ਮਨਜਿੰਦਰ ਸਿੰਘ ਸਮੇਤ ਪੁਲਿਸ ਟੀਮਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
ਪੁਲਿਸ ਮੁਤਾਬਕ ਵਪਾਰੀ ਵੱਲੋਂ ਬੈਗ ਵਿੱਚ ਮੌਜੂਦ ਨਕਦੀ ਦੀ ਸਹੀ ਰਕਮ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ। ਲੁਟੇਰਿਆਂ ਦੀ ਭਾਲ ਲਈ ਪੁਲਿਸ ਦੀਆਂ 7 ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਲਲਿਤ ਮਿੱਤਲ ਸੀਜੇਐਸ ਸਕੂਲ ਦੇ ਮਾਲਕ ਹੋਣ ਦੇ ਨਾਲ-ਨਾਲ ਸੂਰਿਆ ਐਨਕਲੇਵ ਰੈਜ਼ੀਡੈਂਟਸ ਵੈਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਵੀ ਹਨ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
