ਬਿਹਾਰ ‘ਚ ਮਿਡ-ਡੇ ਮੀਲ ਖਾਣ ਤੋਂ ਬਾਅਦ 40 ਵਿਦਿਆਰਥਣਾਂ ਹਸਪਤਾਲ ਦਾਖ਼ਲ
40 students admitted to hospital: ਨਾਲੰਦਾ: ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਨੂਰਸਰਾਏ ਥਾਣਾ ਖੇਤਰ ਦੇ ਪਰਸੀ ਮਿਡਲ ਸਕੂਲ ਵਿੱਚ ਮਿਡ-ਡੇ ਮੀਲ ਦੌਰਾਨ ਇੱਕ ਹੈਰਾਨ ਕਰਨ ਵਾਲੀ ਲਾਪਰਵਾਹੀ ਸਾਹਮਣੇ ਆਈ ਹੈ। ਖਾਣੇ ਵਿੱਚ ਨਮਕ ਘੱਟ ਹੋਣ ਦੀ ਸ਼ਿਕਾਇਤ ’ਤੇ ਬੱਚਿਆਂ ਨੂੰ ਕਥਿਤ ਤੌਰ ’ਤੇ ਨਮਕ ਦੀ ਥਾਂ ਸਿਰਫ਼ (ਡਿਟਰਜੈਂਟ ਪਾਊਡਰ) ਪਰੋਸ ਦਿੱਤਾ ਗਿਆ। ਖਾਣਾ ਖਾਣ ਤੋਂ ਬਾਅਦ ਕਰੀਬ 40 ਵਿਦਿਆਰਥਣਾਂ ਦੀ ਤਬੀਅਤ ਵਿਗੜ ਗਈ, ਜਿਨ੍ਹਾਂ ਨੂੰ ਬਿਹਾਰਸ਼ਰੀਫ਼ ਮਾਡਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਬੱਚਿਆਂ ਦੇ ਪਰਿਵਾਰਾਂ ਵਿੱਚ ਘਬਰਾਹਟ ਫੈਲ ਗਈ ਅਤੇ ਹਸਪਤਾਲ ਵਿੱਚ ਵੀ ਭੀੜ ਇਕੱਠੀ ਹੋ ਗਈ। ਹਾਲਾਂਕਿ ਡਾਕਟਰਾਂ ਮੁਤਾਬਕ ਜ਼ਿਆਦਾਤਰ ਬੱਚਿਆਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਮੰਤਰੀ ਨੇ ਹਸਪਤਾਲ ਪਹੁੰਚ ਕੇ ਲਿਆ ਜਾਇਜ਼ਾ
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਿਹਾਰ ਸਰਕਾਰ ਦੇ ਪੇਂਡੂ ਵਿਕਾਸ ਮੰਤਰੀ ਸ਼੍ਰਵਣ ਕੁਮਾਰ ਬੀਮਾਰ ਬੱਚਿਆਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ। ਉਨ੍ਹਾਂ ਨੇ ਹਸਪਤਾਲ ਪ੍ਰਬੰਧਨ ਨੂੰ ਸਾਰੇ ਬੱਚਿਆਂ ਦਾ ਢੁੱਕਵਾਂ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲੰਦਾ ਦੇ ਸਿਵਲ ਸਰਜਨ ਨੇ ਦੱਸਿਆ ਕਿ ਸਾਰੇ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਸਿਵਲ ਸਰਜਨ ਸਮੇਤ ਕਈ ਡਾਕਟਰ ਹਸਪਤਾਲ ਵਿੱਚ ਮੌਜੂਦ ਰਹਿ ਕੇ ਬੱਚਿਆਂ ਦੀ ਸਿਹਤ ’ਤੇ ਨਜ਼ਰ ਰੱਖ ਰਹੇ ਹਨ।
ਦੂਜੇ ਸਕੂਲ ਤੋਂ ਆਇਆ ਸੀ ਮਿਡ-ਡੇ ਮੀਲ
ਸਕੂਲ ਦੇ ਇੱਕ ਅਧਿਆਪਕ ਮੁਤਾਬਕ ਮਿਡ-ਡੇ ਮੀਲ ਦਾ ਖਾਣਾ ਕਿਸੇ ਹੋਰ ਸਕੂਲ ਤੋਂ ਆਇਆ ਸੀ। ਸੋਇਆਬੀਨ ਦੀ ਸਬਜ਼ੀ ਵਿੱਚ ਨਮਕ ਘੱਟ ਹੋਣ ਕਾਰਨ ਵਿਦਿਆਰਥਣਾਂ ਨੇ ਹੋਰ ਨਮਕ ਮੰਗਿਆ ਸੀ। ਅਧਿਆਪਕ ਵੱਲੋਂ ਕਥਿਤ ਤੌਰ ’ਤੇ ਨਮਕ ਦੀ ਥਾਂ ਗਲਤੀ ਨਾਲ ਡਿਟਰਜੈਂਟ ਪਾਊਡਰ ਪਰੋਸ ਦਿੱਤਾ ਗਿਆ। ਸਬਜ਼ੀ ਖਾਣ ਤੋਂ ਬਾਅਦ ਕਈ ਵਿਦਿਆਰਥਣਾਂ ਨੇ ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਬਿਹਾਰਸ਼ਰੀਫ਼ ਮਾਡਲ ਹਸਪਤਾਲ ਲਿਆਂਦਾ ਗਿਆ।
ਸਿਵਲ ਸਰਜਨ ਡਾ. ਜੈ ਪ੍ਰਕਾਸ਼ ਸਿੰਘ ਮੁਤਾਬਕ ਸਾਰੇ ਬੱਚੇ ਸੁਰੱਖਿਅਤ ਹਨ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਘਟਨਾ ਤੋਂ ਬਾਅਦ ਹਸਪਤਾਲ ਵਿੱਚ ਬੱਚਿਆਂ ਦੇ ਮਾਪਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭੀੜ ਲੱਗੀ ਹੋਈ ਹੈ।
